ਨਿਗਮ ਵੱਲੋਂ ਛੁੱਟੀਆਂ ਦੀ ਪ੍ਰਕਿਰਿਆ ਹੋਵੇਗੀ ਪੂਰੀ ਤਰ੍ਹਾਂ ਆਨਲਾਈਨ
ਨਗਰ ਨਿਗਮ ਨੇ ਪ੍ਰਸ਼ਾਸਨਿਕ ਕਾਰਜਾਂ ਨੂੰ ਆਧੁਨਿਕ ਅਤੇ ਪਾਰਦਰਸ਼ੀ ਬਣਾਉਣ ਲਈ ਇੱਕ ਹੋਰ ਕਦਮ ਅੱਗੇ ਵਧਾਇਆ ਹੈ, ਜਿਸ ਤਹਿਤ ਰੈਗੂਲਰ ਅਧਿਕਾਰੀ ਅਤੇ ਕਰਮਚਾਰੀ 1 ਜਨਵਰੀ ਤੋਂ ਆਪਣੀਆਂ ਇਤਫਾਕੀਆ ਛੁੱਟੀਆਂ ਪੰਜਾਬ ਸਰਕਾਰ ਵਲੋਂ ਤਿਆਰ ਕੀਤੇ ਐੱਚ ਆਰ ਐੱਮ ਐੱਸ ਪੋਰਟਲ ਰਾਹੀਂ ਹੀ ਅਪਲਾਈ ਕਰਨਗੇ। ਨਿਗਮ ਕਮਿਸ਼ਨਰ ਪਰਮਜੀਤ ਸਿੰਘ ਆਈ ਏ ਐੱਸ ਨੇ ਦੱਸਿਆ ਕਿ ਇਹ ਪ੍ਰਕਿਰਿਆ ਸਰਕਾਰੀ ਪ੍ਰਣਾਲੀ ਵਿੱਚ ਡਿਜ਼ਿਟਲਾਈਜ਼ੇਸ਼ਨ ਵਧਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਹੈ ਜਿਸ ਨਾਲ ਸਾਰੀਆਂ ਛੁੱਟੀਆਂ ਦਾ ਡਾਟਾ ਆਟੋਮੈਟਿਕ ਤਰੀਕੇ ਨਾਲ ਰਿਕਾਰਡ ਹੋਵੇਗਾ ਅਤੇ ਦਫ਼ਤਰ ਵਿੱਚ ਕਾਗਜ਼ੀ ਕਾਰਵਾਈ ਘਟੇਗੀ। ਇਸ ਨਾਲ ਪ੍ਰਸ਼ਾਸਨਿਕ ਪਾਰਦਰਸ਼ਤਾ ਨੂੰ ਹੋਰ ਮਜ਼ਬੂਤੀ ਮਿਲੇਗੀ ਅਤੇ ਕਰਮਚਾਰੀਆਂ ਦੀਆਂ ਛੁੱਟੀਆਂ ਨਾਲ ਜੁੜੀਆਂ ਗਲਤਫਹਿਮੀਆਂ ਤੋਂ ਵੀ ਬਚਾਅ ਹੋਵੇਗਾ। ਹਰ ਕਰਮਚਾਰੀ ਨੂੰ ਆਪਣੀ ਇਤਫਾਕੀਆ ਛੁੱਟੀ ਤੇ ਜਾਣ ਤੋਂ ਇੱਕ ਦਿਨ ਪਹਿਲਾਂ ਐੱਚ ਆਰ ਐੱਮ ਐੱਸ ਪੋਰਟਲ ’ਤੇ ਛੁੱਟੀ ਅਪਲਾਈ ਕਰਨੀ ਹੋਵੇਗੀ। ਜੇ ਕਿਸੇ ਐਮਰਜੈਂਸੀ ਹਾਲਤ ਵਿੱਚ ਛੁੱਟੀ ਦੀ ਲੋੜ ਪੈਂਦੀ ਹੈ, ਤਾਂ ਕਰਮਚਾਰੀ ਵੱਲੋਂ ਛੁੱਟੀ ਨੂੰ ਉਸੇ ਦਿਨ ਸਵੇਰੇ 9 ਵਜੇ ਤੱਕ ਪੋਰਟਲ ’ਤੇ ਦਰਜ ਕਰਨਾ ਲਾਜ਼ਮੀ ਹੋਵੇਗਾ। ਕਮਿਸ਼ਨਰ ਨੇ ਵਿਭਾਗ ਮੁਖੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਇਸ ਨਵੀਂ ਪ੍ਰਕਿਰਿਆ ਬਾਰੇ ਜਾਣਕਾਰੀ ਦੇਣ ਅਤੇ ਪੋਰਟਲ ਦੀ ਵਰਤੋਂ ਸਬੰਧੀ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ। ਕਿਸੇ ਵੀ ਕਰਮਚਾਰੀ ਵਲੋਂ ਪੋਰਟਲ ਰਾਹੀਂ ਛੁੱਟੀ ਨਾ ਲੈਣ ਦੇ ਮਾਮਲੇ ਨੂੰ ਪ੍ਰਸ਼ਾਸਨਿਕ ਲਾਪਰਵਾਹੀ ਮੰਨਿਆ ਜਾਵੇਗਾ।
