ਮੀਂਹ ਦੌਰਾਨ ਪਟਿਆਲਾ ਦੀਆਂ ਸੜਕਾਂ ’ਤੇ ਅਕਸਰ ਪਾਣੀ ਭਰ ਜਾਂਦਾ ਹੈ, ਜਿਸ ਦੇ ਹੱਲ ਲਈ ਨਗਰ ਨਿਗਮ ਨੇ ਮੌਨਸੂਨ ਦੀ ਆਮਦ ਤੋਂ ਪਹਿਲਾਂ ਜੈਕਬ ਡਰੇਨ ਦੀ ਸਫ਼ਾਈ ਅਤੇ ਡੀਸਿਲਟਿੰਗ ਦਾ ਕੰਮ ਵਿੱਢਿਆ ਹੈ।
ਸੂਲਰ ਪਿੰਡ ਨੇੜੇ ਡਰੇਨ ਵਿੱਚ ਜਿੱਥੇ ਜੇ ਸੀ ਬੀ ਮਸ਼ੀਨ ਨਾਲ਼ ਸਫ਼ਾਈ ਕੀਤੀ ਜਾ ਰਹੀ ਹੈ, ਉੱਥੇ ਹੀ ਡਰੇਨ ਦੇ ਇੱਕ ਹਿੱਸੇ ਵਿੱਚ ਜੰਮੀ ਗਾਦ ਅਤੇ ਜੰਗਲੀ ਬੂਟੀ ਨੂੰ ਪੋਕਲੇਨ ਮਸ਼ੀਨ ਰਾਹੀਂ ਕੱਢਿਆ ਜਾ ਰਿਹਾ ਹੈ ਅਤੇ ਇਸ ਨੂੰ ਟਰੈਕਟਰ-ਟਰਾਲੀ ਰਹੀਂ ਦੂਰ ਸੁੱਟਿਆ ਜਾ ਰਿਹਾ ਹੈ। ਸਥਾਨਕ ਵਸਨੀਕ ਰਾਜਿੰਦਰ ਨੇ ਦੱਸਿਆ ਕਿ ਸਫ਼ਾਈ ਮੱਠੀ ਚਾਲ ਹੋਣ ਕਾਰਨ ਮੌਨਸੂਨ ਤੋਂ ਪਹਿਲਾਂ ਕੰਮ ਮੁਸ਼ਕਲ ਨਾਲ ਨੇਪਰੇ ਚੜ੍ਹ ਸਕਦਾ ਹੈ।
ਜ਼ਿਕਰਯੋਗ ਹੈ ਕਿ ਨਿਗਮ ਨੇ ਹਾਲ ਹੀ ਵਿੱਚ ਕਾਲੇ ਮੂੰਹ ਵਾਲੀ ਬਗੀਚੀ ਤੋਂ ਸੂਲਰ ਪੁਲੀ ਤੱਕ ਡਰੇਨ ਦੀ ਸਫ਼ਾਈ ਅਤੇ ਡੀਸਿਲਟਿੰਗ ਲਈ 21.02 ਲੱਖ ਰੁਪਏ ਦਾ ਟੈਂਡਰ ਜਾਰੀ ਕੀਤਾ ਸੀ। ਇਸ ਤਹਿਤ 20 ਕਿਲੋਮੀਟਰ ਲੰਬੀ ਇਸ ਜੈਕਬ ਡਰੇਨ ਵਿੱਚੋਂ ਕੇਵਲ 5 ਕਿਲੋਮੀਟਰ ਹਿੱਸੇ ਦੀ ਦੇਖਭਾਲ ਨਗਰ ਨਿਗਮ ਅਧੀਨ ਹੈ, ਜਦਕਿ ਬਾਕੀ ਹਿੱਸਾ ਡਰੇਨੇਜ਼ ਵਿਭਾਗ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ। ਡਰੇਨ ਰਘੋਮਾਜਰਾ ਵਿੱਚ ਕਾਲੇ ਮੂੰਹ ਦੀ ਬਗੀਚੀ ਤੋਂ ਸ਼ੁਰੂ ਹੋ ਕੇ ਸੂਲਰ ਰੋਡ ਪੁਲੀ ਰਾਹੀਂ ਘੱਗਰ ਦਰਿਆ ਵਿੱਚ ਜਾ ਮਿਲਦੀ ਹੈ।
ਸਾਬਕਾ ਮੇਅਰ ਸੰਜੀਵ ਬਿੱਟੂ ਨੇ ਇਸ ਮੁਹਿੰਮ ਨੂੰ ਸਿਰਫ਼ ਅੱਖਾਂ ਵਿੱਚ ਧੂੜ ਪਾਉਣ ਵਾਲਾ ਕਦਮ ਕਰਾਰ ਦਿੱਤਾ ਹੈ। ਦੂਜੇ ਪਾਸੇ ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਠੇਕੇਦਾਰ ਨੂੰ ਮੌਨਸੂਨ ਸ਼ੁਰੂ ਹੋਣ ਤੋਂ ਪਹਿਲਾਂ ਸਫ਼ਾਈ ਦਾ ਕੰਮ ਮੁਕੰਮਲ ਕਰਨ ਦੇ ਸਖ਼ਤ ਨਿਰਦੇਸ਼ ਦਿੱਤੇ ਗਏ ਹਨ।
