ਨਿਗਮ ਵੱਲੋਂ 1.40 ਲੱਖ ਟਨ ਕੂੜੇ ਦਾ ਨਿਬੇੜਾ
ਸ਼ਹਿਰ ਵਿੱਚ ਲੰਮੇ ਸਮੇਂ ਤੋਂ ਚੱਲੀ ਆ ਰਹੀ ਕੂੜੇ ਦੇ ਡੰਪ ਦੀ ਸਮੱਸਿਆ ਦਾ ਹੱਲ ਯਕੀਨੀ ਬਣਾਉਣ ਲਈ ਨਗਰ ਨਿਗਮ ਨੇ ਮੇਅਰ ਕੁੰਦਨ ਗੋਗੀਆ ਦੀ ਅਗਵਾਈ ਹੇਠ ਕੂੜੇ ਦੇ ਨਿਬੇੜੇ ਵਿੱਚ ਤੇਜ਼ੀ ਲਿਆਂਦੀ ਹੈ। ਨਿਗਮ ਕਮਿਸ਼ਨਰ ਪੂਜਾ ਸਿਆਲ ਗਰੇਵਾਲ ਨੇ...
ਸ਼ਹਿਰ ਵਿੱਚ ਲੰਮੇ ਸਮੇਂ ਤੋਂ ਚੱਲੀ ਆ ਰਹੀ ਕੂੜੇ ਦੇ ਡੰਪ ਦੀ ਸਮੱਸਿਆ ਦਾ ਹੱਲ ਯਕੀਨੀ ਬਣਾਉਣ ਲਈ ਨਗਰ ਨਿਗਮ ਨੇ ਮੇਅਰ ਕੁੰਦਨ ਗੋਗੀਆ ਦੀ ਅਗਵਾਈ ਹੇਠ ਕੂੜੇ ਦੇ ਨਿਬੇੜੇ ਵਿੱਚ ਤੇਜ਼ੀ ਲਿਆਂਦੀ ਹੈ। ਨਿਗਮ ਕਮਿਸ਼ਨਰ ਪੂਜਾ ਸਿਆਲ ਗਰੇਵਾਲ ਨੇ ਦੱਸਿਆ ਕਿ ਪੁਰਾਣੇ ਕੂੜੇ ਨੂੰ ਵਿਗਿਆਨਕ ਢੰਗ ਨਾਲ ਛਾਂਟ ਕੇ ਉਸ ਦਾ ਨਿਪਟਾਰਾ ਕਰਨ ਦੀ ਪ੍ਰਕਿਰਿਆ ਨੂੰ ਰੈਮੀਡੀਏਸ਼ਨ ਕਿਹਾ ਜਾਂਦਾ ਹੈ। 1.43 ਲੱਖ ਟਨ ’ਚੋਂ 1.40 ਲੱਖ ਟਨ ਪੁਰਾਣੇ ਕੂੜੇ ਦੀ ਰੈਮੀਡੀਏਸ਼ਨ ਮੁਕੰਮਲ ਹੋ ਚੁੱਕੀ ਹੈ ਅਤੇ ਬਾਕੀ ਕੰਮ ਵੀ ਹਫ਼ਤੇ ਵਿੱਚ ਨਿਬੇੜ ਲਿਆ ਜਾਵੇਗਾ। ਨਿਗਮ ਦਾ ਮੁੱਖ ਉਦੇਸ਼ ਸ਼ਹਿਰ ਨੂੰ ਸਾਫ਼-ਸੁਥਰਾ, ਪ੍ਰਦੂਸ਼ਣ ਮੁਕਤ ਅਤੇ ਵਾਤਾਵਰਨ ਪੱਖੋਂ ਸੁਰੱਖਿਅਤ ਬਣਾਉਣਾ ਹੈ, ਜਿਸ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਨਿਗਮ ਅਨੁਸਾਰ ਇਸ ਪ੍ਰਕਿਰਿਆ ਦੌਰਾਨ ਡੰਪ ਸਾਈਟ ਤੋਂ ਬਦਬੂ ਅਤੇ ਹਵਾ ਪ੍ਰਦੂਸ਼ਣ ਵਿੱਚ ਵੱਡੀ ਕਮੀ ਆਉਂਦੀ ਹੈ।
ਕੂੜੇ ਵਿੱਚ ਆਪਣੇ ਆਪ ਲੱਗਣ ਵਾਲੀ ਅੱਗ ਅਤੇ ਉਸ ਤੋਂ ਨਿਕਲਣ ਵਾਲਾ ਧੂੰਆਂ ਵੀ ਘੱਟ ਹੁੰਦਾ ਹੈ, ਜਿਸ ਨਾਲ ਲੋਕਾਂ ਦੀ ਸਿਹਤ ’ਤੇ ਪੈਣ ਵਾਲਾ ਮਾੜਾ ਅਸਰ ਘਟਦਾ ਹੈ। ਰੈਮੀਡੀਏਸ਼ਨ ਦੌਰਾਨ ਪਲਾਸਟਿਕ, ਧਾਤ, ਮਿੱਟੀ ਅਤੇ ਹੋਰ ਸਮੱਗਰੀ ਨੂੰ ਵੱਖ-ਵੱਖ ਕਰਕੇ ਦੁਬਾਰਾ ਵਰਤੋਂ ਜਾਂ ਸੁਰੱਖਿਅਤ ਨਿਪਟਾਰੇ ਲਈ ਭੇਜਿਆ ਜਾਂਦਾ ਹੈ, ਜਿਸ ਨਾਲ ਜ਼ਮੀਨ ਖ਼ਾਲੀ ਹੁੰਦੀ ਹੈ। ਨਾਲ ਹੀ, ਮਿੱਟੀ ਅਤੇ ਭੂ-ਜਲ ਨੂੰ ਪ੍ਰਦੂਸ਼ਿਤ ਹੋਣ ਤੋਂ ਵੀ ਬਚਾਇਆ ਜਾਂਦਾ ਹੈ। ਪ੍ਰਸ਼ਾਸਨ ਦਾ ਦਾਅਵਾ ਹੈ ਕਿ ਆਉਣ ਵਾਲੇ ਮਹੀਨਿਆਂ ਵਿੱਚ ਬਾਕੀ ਕੰਮ ਵੀ ਪੂਰਾ ਹੋਣ ਨਾਲ ਡੰਪ ਸਾਈਟ ਦੀ ਤਸਵੀਰ ਪੂਰੀ ਤਰ੍ਹਾਂ ਬਦਲ ਜਾਵੇਗੀ।
