ਰਾਜਿੰਦਰਾ ਹਸਪਤਾਲ ਦਾ ਹਾਲ ਤਰਸਯੋਗ: ਸੰਧਵਾਂ

ਰਾਜਿੰਦਰਾ ਹਸਪਤਾਲ ਦਾ ਹਾਲ ਤਰਸਯੋਗ: ਸੰਧਵਾਂ

ਹਸਪਤਾਲ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਕੁਲਤਾਰ ਸਿੰਘ ਸੰਧਵਾਂ।

ਪੱਤਰ ਪ੍ਰੇਰਕ

ਪਟਿਆਲਾ, 9 ਅਗਸਤ

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਹੈ ਕਿ ਮਾਲਵੇ ਅਤੇ ਪੁਆਧੀ ਖੇਤਰ ਦੇ ਪ੍ਰਸਿੱਧ ਰਾਜਿੰਦਰਾ ਹਸਪਤਾਲ ਦੀ ਹਾਲਤ ਤਰਸਯੋਗ ਹੈ, ਮੁੱਖ ਮੰਤਰੀ ਦੇ ਸ਼ਹਿਰ ਦੇ ਇਸ ਵੱਡ ਅਕਾਰੀ ਹਸਪਤਾਲ ਨੂੰ ਮੁੱਖ ਮੰਤਰੀ ਨੇ ਨਜ਼ਰਅੰਦਾਜ਼ ਕੀਤਾ ਹੋਇਆ ਹੈ। ਇਸ ਕਰ ਕੇ ਇੱਥੇ ਮਰੀਜ਼ ਤ੍ਰਾਹ ਤ੍ਰਾਹ ਕਰ ਰਹੇ ਹਨ। ਵਿਧਾਇਕ ਸੰਧਵਾਂ ਅਤੇ ਹੋਰ ‘ਆਪ’ ਆਗੂਆਂ ਨੇ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਸਥਾਨਕ ਰਾਜਿੰਦਰਾ ਹਸਪਤਾਲ ਦਾ ਦੌਰਾ ਕੀਤਾ ਅਤੇ ਕਰੋਨਾ ਦੇ ਇਲਾਜ ਲਈ ਭਰਤੀ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ।

ਮੀਡੀਆ ਨਾਲ ਗੱਲ ਕਰਦਿਆਂ ਸ੍ਰੀ ਸੰਧਵਾਂ ਨੇ ਦੱਸਿਆ ਕਿ ਸਾਰੇ ਪੰਜਾਬ ਦੇ ਸਰਕਾਰੀ ਹਸਪਤਾਲਾਂ ਖ਼ਾਸ ਕਰ ਕੇ ਕਰੋਨਾ ਕੇਅਰ ਸੈਂਟਰਾਂ ‘ਚ ਪ੍ਰਬੰਧਾਂ ਅਤੇ ਲੋੜੀਂਦੀਆਂ ਸਹੂਲਤਾਂ ‘ਚ ਕਮੀਆਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ, ਪਰ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਆਪਣੇ ਹਲਕੇ ਅਤੇ ਜੱਦੀ ਸ਼ਹਿਰ ਦੇ ਰਾਜਿੰਦਰਾ ਹਸਪਤਾਲ ਦੀਆਂ ਜਿਹੋ ਜਿਹੀਆਂ ਖ਼ਬਰਾਂ ਆ ਰਹੀਆਂ ਇਹ ਸੱਚਮੁੱਚ ਸੁੰਨ ਕਰ ਦੇਣ ਵਾਲੀਆਂ ਹਨ। ਇਸ ਕਾਰਨ ਉਹ ਅੱਜ ਇੱਥੇ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਇੰਨਾ ਵੱਡਾ ਹਸਪਤਾਲ ਹੋਣ ਦੇ ਬਾਵਜੂਦ ਇਸ ਹਸਪਤਾਲ ਵਿਚ ਸਹੂਲਤਾਂ ਦੀ ਘਾਟ ਸਵਾਲ ਖੜ੍ਹੇ ਕਰਦੀ ਹੈ। ਇੱਥੇ ਦਿਲ ਤੋਂ ਲੈ ਕੇ ਹੋਰ ਕਈ ਸਾਰੀਆਂ ਬਿਮਾਰੀਆਂ ਦੇ ਵਿਸ਼ੇਸ਼ ਵਿਭਾਗ ਬਣੇ ਹਨ ਪਰ ਮਸ਼ੀਨਰੀ ਦੀ ਘਾਟ ਕਰ ਕੇ ਸਭ ਬੇਕਾਰ ਹਨ।

ਸ੍ਰੀ ਸੰਧਵਾਂ ਨੇ ਕਿਹਾ ਕਿ ਕਰੋਨਾ ਕੇਅਰ ਸੈਂਟਰਾਂ ‘ਚ ਇਲਾਜ ਕਰਵਾ ਰਹੇ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਫ਼ਾਈ ਅਤੇ ਸਮੁੱਚੇ ਪ੍ਰਬੰਧਾਂ ਦਾ ਬੁਰਾ ਹਾਲ ਹੈ। ਪਾਰਦਰਸ਼ਤਾ ਅਤੇ ਖ਼ੁਸ਼ਗਵਾਰ ਮਾਹੌਲ ਦੀ ਬੇਹੱਦ ਕਮੀ ਹੈ, ਜਦੋਂਕਿ ਮਾਨਸਿਕ ਤੌਰ ‘ਤੇ ਸਕਾਰਾਤਮਿਕ ਮਾਹੌਲ ਬੇਹੱਦ ਜ਼ਰੂਰੀ ਹੈ। ਮਰੀਜ਼ਾਂ ਦੀ ਲੰਬਾ ਸਮਾਂ ਘਰਦਿਆਂ ਨਾਲ ਗੱਲਬਾਤ ਨਹੀਂ ਕਰਵਾਈ ਜਾਂਦੀ। ਸ੍ਰੀ ਸੰਧਵਾਂ ਨੇ ਦੱਸਿਆ ਕਿ ਉਨ੍ਹਾਂ ਇਸ ਸਬੰਧੀ ਨੋਡਲ ਅਫ਼ਸਰ ਸ਼ੁਰਭੀ ਮਲਿਕ ਅਤੇ ਹਸਪਤਾਲ ਦੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਗੱਲ ਕੀਤੀ ਹੈ ਤੇ ਉਨ੍ਹਾਂ ਸਾਰੀਆਂ ਕਮੀਆਂ ਦੂਰ ਕਰਨ ਦਾ ਭਰੋਸਾ ਦਿੱਤਾ ਹੈ। ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਆਗੂ ਹਰਚੰਦ ਸਿੰਘ ਬਰਸਟ, ਕੁੰਦਨ ਗੋਗੀਆ, ਗਗਨ ਚੱਢਾ, ਚੇਤਨ ਸਿੰਘ ਜੌੜੇਮਾਜਰਾ, ਤੇਜਿੰਦਰ ਮਹਿਤਾ ਆਦਿ ਜ਼ਿਲ੍ਹੇ ਦੇ ਹੋਰ ਕਈ ਆਗੂ ਮੌਜੂਦ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All