ਪੱਤਰ ਪ੍ਰੇਰਕ
ਸੁਨਾਮ ਊਧਮ ਸਿੰਘ ਵਾਲਾ, 15 ਅਪਰੈਲ
ਸੁਨਾਮ ਵਿੱਚ ਰਿਲਾਇੰਸ ਦੇ ਟਰੈਂਡਜ਼ ਮਾਲ ਅੱਗੇ ਕਿਸਾਨਾਂ ਵੱਲੋਂ ਲਾਇਆ ਗਿਆ ਪੱਕਾ ਮੋਰਚਾ ਬਰਕਰਾਰ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿਚ ਚੱਲ ਰਹੇ ਇਸ ਕਿਸਾਨੀ ਮੋਰਚੇ ਨੂੰ ਸੰਬੋਧਨ ਕਰਦਿਆਂ ਰਾਮਸ਼ਰਨ ਸਿੰਘ ਉਗਰਾਹਾਂ, ਪਿਆਰਾ ਸਿੰਘ ਖਡਿਆਲ, ਸੁਖਦੇਵ ਸਿੰਘ ਖਡਿਆਲ, ਗੋਬਿੰਦ ਸਿੰਘ ਚੱਠੇ, ਕਸ਼ਮੀਰ ਸਿੰਘ ਉਗਰਾਹਾਂ ਅਤੇ ਮਹਿੰਦਰ ਸਿੰਘ ਨਮੋਲ ਆਦਿ ਬੁਲਾਰਿਆਂ ਨੇ ਕਿਹਾ ਸਰਕਾਰ ਰੋਜ਼ਾਨਾ ਕਰੋਨਾ ਦੇ ਕੇਸ ਵਧਾ ਕੇ ਕਿਸਾਨੀ ਮੋਰਚਿਆਂ ਨੂੰ ਹਿਲਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਪਰ ਕਿਸਾਨ ਸਰਕਾਰ ਦੀਆਂ ਸਾਰੀਆਂ ਚਾਲਾਂ ਸਮਝਦੇ ਹਨ, ਉਨ੍ਹਾਂ ਕਿਹਾ ਕਿ ਜੇਕਰ ਕਰੋਨਾ ਸੱਚਮੁੱਚ ਹੈ ਤਾਂ ਮੇਲਿਆਂ, ਚੋਣ ਰੈਲੀਆਂ ਅਤੇ ਹੋਰ ਪਬਲਿਕ ਥਾਵਾਂ ’ਤੇ ਸਰਕਾਰ ਨੂੰ ਪਾਬੰਦੀਆਂ ਲਾਉਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨ ਸਰਕਾਰੀ ਲੂੰਬੜਚਾਲਾਂ ਨੂੰ ਖੂਬ ਸਮਝਦੇ ਹਨ ਅਤੇ ਕਿਸੇ ਵੀ ਕੀਮਤ ’ਤੇ ਕਿਸਾਨ ਨਾ ਤਾਂ ਦਿੱਲੀ ਦੀਆਂ ਬਰੂਹਾਂ ਤੋਂ ਜਿੱਤੇ ਬਿਨਾਂ ਵਾਪਸ ਆਉਣਗੇ ਅਤੇ ਨਾ ਹੀ ਵੱਖ-ਵੱਖ ਸ਼ਹਿਰਾਂ ਵਿਚ ਚੱਲਦੇ ਧਰਨਿਆਂ ਨੂੰ ਚੁੱਕਿਆ ਜਾਵੇਗਾ।