census: ਮਰਦਮਸ਼ੁਮਾਰੀ ਦਾ ਬੋਝ ਹੁਣ ਨਿੱਜੀ ਸਕੂਲ ਅਧਿਆਪਕਾਂ ’ਤੇ ਵੀ
ਨਿੱਜੀ ਸਕੂਲਾਂ ’ਚ ਰੋਸ; ਵਾਈ ਪੀ ਐੱਸ ਤੇ ਪੀ ਪੀ ਐੱਸ ਵਰਗੇ ਸਕੂਲਾਂ ਨੂੰ ਰਾਹਤ
ਮਰਦਮਸ਼ੁਮਾਰੀ 2027 ਲਈ ਸਰਕਾਰੀ ਦੇ ਨਾਲ ਨਾਲ ਨਿੱਜੀ ਸਕੂਲਾਂ ਦੇ ਅਧਿਆਪਕਾਂ ਨੂੰ ਵੀ ਡਿਊਟੀ ਲਈ ਸੱਦਿਆ ਜਾ ਰਿਹਾ ਹੈ। ਨਾਭਾ ਵਿੱਚ ਫਰਵਰੀ ਮਹੀਨੇ ਨਿੱਜੀ ਸਕੂਲਾਂ ਨੂੰ ਪੱਤਰ ਜਾਰੀ ਕਰਕੇ ਕੁੱਲ ਅਮਲੇ ਦਾ ਵੇਰਵਾ ਮੰਗਿਆ ਗਿਆ ਅਤੇ ਹੁਣ ਉਨ੍ਹਾਂ ਸਕੂਲਾਂ ਨੂੰ ਅਧਿਆਪਕਾਂ ਦੀ ਸੂਚੀ ਭੇਜ ਕੇ ਮਰਦਮਸ਼ੁਮਾਰੀ ਬਾਬਤ ਟ੍ਰੇਨਿੰਗ ਲਈ ਭੇਜਣ ਦੇ ਹੁਕਮ ਕੀਤੇ ਗਏ ਹਨ। ਇੱਕ ਸਕੂਲ ਵਿੱਚੋਂ 10 ਤੋਂ 15 ਅਧਿਆਪਕ ਮੰਗੇ ਗਏ ਹਨ। ਦਿਲਚਸਪ ਹੈ ਕਿ ਇਹ ਪੱਤਰ ਪੀ ਪੀ ਐੱਸ ਜਾਂ ਵਾਈ ਪੀ ਐੱਸ ਵਰਗੇ ਨਾਮੀਂ ਨਿੱਜੀ ਸਕੂਲਾਂ ਨੂੰ ਨਹੀਂ ਕੱਢੇ ਗਏ, ਜਿਥੇ ਗਵਰਨਰ, ਡਿਪਟੀ ਕਮਿਸ਼ਨਰ ਖ਼ੁਦ ਪ੍ਰਬੰਧਕੀ ਬੋਰਡ ਦੇ ਮੈਂਬਰ ਹਨ।
ਨਿੱਜੀ ਸਕੂਲਾਂ ਦੇ ਅਧਿਆਪਕ ਮਰਦਮਸ਼ੁਮਾਰੀ ਦਾ ਕੰਮ ਸਕੂਲ ਵਿੱਚ ਡਿਊਟੀ ਕਰਨ ਤੋਂ ਬਾਅਦ ਕਰਨਗੇ। ਟ੍ਰੇਨਿੰਗ ਲਾਉਣ ਵਾਲੇ ਇੱਕ ਅਧਿਆਪਕ ਨੇ ਦੱਸਿਆ ਕਿ ਮਾਮੂਲੀ ਤਨਖਾਹਾਂ ’ਤੇ ਕੰਮ ਕਰਨ ਵਾਲੇ ਨਿੱਜੀ ਸਕੂਲ ਅਧਿਆਪਕਾਂ ਨੂੰ ਸਮਾਰਟ ਫੋਨ ਤੇ ਬੈਟਰੀ ਲਈ ਪਾਵਰ ਬੈਂਕ ਤੱਕ ਆਪਣੇ ਉਪਕਰਨ ਵਰਤਣੇ ਹੋਣਗੇ। ਟ੍ਰੇਨਿੰਗ ਦੌਰਾਨ ਦੱਸਿਆ ਗਿਆ ਹੈ ਕਿ ਕਿਸੇ ਦੇ ਘਰ ਵਿਚ ਮੋਬਾਈਲ ਚਾਰਜ ਕਰਨ ਤੋਂ ਵੀ ਪਾਬੰਦੀ ਹੈ। ਨਿੱਜੀ ਸਕੂਲ ਅਧਿਆਪਕਾਂ ਨੇ ਰੋਸ ਜਤਾਇਆ ਕਿ ਉਨ੍ਹਾਂ ਕੋਲ ਮਨ੍ਹਾਂ ਕਰਨ ਲਈ ਕੋਈ ਕਾਨੂੰਨੀ ਆਧਾਰ ਨਹੀਂ ਹੈ, ਡਿਊਟੀ ਕਟਵਾਉਣ ਲਈ ਜਾਂ ਤਾਂ ਸਿਫਾਰਸ਼ ਚੱਲੇਗੀ ਜਾਂ ਨੌਕਰੀ ਹੀ ਛੱਡਣੀ ਪਵੇਗੀ।
ਦੂਜੇ ਪਾਸੇ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਦੇ ਪ੍ਰਧਾਨ ਵਿਕਰਮ ਦੇਵ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵਾਅਦੇ ਦੇ ਉਲਟ 70 ਹਜ਼ਾਰ ਸਰਕਾਰੀ ਅਧਿਆਪਕਾਂ ਨੂੰ ਗੈਰ ਅਕਾਦਮਿਕ ਮਰਦਮਸ਼ੁਮਾਰੀ ਲਈ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਲੰਘੇ ਦਿਨ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਵੀ ਦਿੱਤੇ ਹਨ ਕਿ ਕਿਸੇ ਵੀ ਸਕੂਲ ਵਿਚੋਂ 50 ਫ਼ੀਸਦ ਤੋਂ ਵੱਧ ਅਧਿਆਪਕ ਨਾ ਕੱਢੇ ਜਾਣ, ਜਿਸ ਨਾਲ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋਵੇਗਾ।
ਮਾਣਭੱਤਾ ਦਿੱਤਾ ਜਾਵੇਗਾ: ਏ ਡੀ ਸੀ
ਏ ਡੀ ਸੀ ਪਟਿਆਲਾ ਦਮਨਜੀਤ ਸਿੰਘ ਨੇ ਦੱਸਿਆ ਕਿ ਜਿਥੇ-ਜਿਥੇ ਅਮਲੇ ਦੀ ਕਮੀ ਹੈ ਉਥੇ ਸਰਕਾਰੀ ਜਾਂ ਸਰਕਾਰ ਤੋਂ ਸਹਾਇਤਾ ਪ੍ਰਾਪਤ ਸਕੂਲ ਜਾਂ ਨਿੱਜੀ ਸਕੂਲਾਂ ਤੋਂ ਵੀ ਅਮਲਾ ਲੈ ਸਕਦੇ ਹਾਂ। ਉਨ੍ਹਾਂ ਕਿਹਾ ਕਿ ਡਿਊਟੀ ਕਰਨ ਵਾਲੇ ਅਧਿਆਪਕਾਂ ਨੂੰ ਇਸ ਕੰਮ ਲਈ ਮਾਣ ਭੱਤਾ ਵੀ ਮਿਲੇਗਾ।

