
ਮਦਨ ਲਾਲ ਜਲਾਲਪੁਰ ਨੂੰ ਲੱਡੂ ਖਵਾਉਂਦੇ ਹੋਏ ਬ੍ਰਾਹਮਣ ਵਿੰਗ ਦੇ ਚੇਅਰਮੈਨ।
ਸਰਬਜੀਤ ਸਿੰਘ ਭੰਗੂ
ਪਟਿਆਲਾ, 17 ਜਨਵਰੀ
ਕਾਂਗਰਸ ਹਾਈਕਾਨ ਵੱਲੋਂ ਉਮੀਦਵਾਰਾਂ ਦੇ ਕੀਤੇ ਗਏ ਐਲਾਨ ਦੇ ਚੱਲਦਿਆਂ ਉਨ੍ਹਾਂ ਦੇ ਸਮਰਥਕਾਂ ਅਤੇ ਪਾਰਟੀ ਵਰਕਰਾਂ ਨੇ ਢੋਲ ਦੀ ਥਾਪ ’ਤੇ ਭੰਗੜਾ ਪਾਉਂਦਿਆਂ, ਭਾਰੀ ਠੰਢ ਵਿੱਚ ਵੀ ਮਾਹੌਲ ਗਰਮ ਕਰ ਦਿੱਤਾ ਹੈ। ਇਸ ਦੌਰਾਨ ਵਰਕਰਾਂ ਵੱਲੋਂ ਕੱਲ੍ਹ ਤੋਂ ਹੀ ਜ਼ਿਲ੍ਹੇ ਭਰ ’ਚ ਵੱਖ ਵੱਖ ਥਾਈਂ ਖੁਸ਼ੀ ਵਿੱਚ ਭੰਗੜੇ ਪਾਏ ਜਾ ਰਹੇ ਹਨ। ਕਿਧਰੇ ਲੱਡੂ ਵੰਡੇ ਜਾ ਰਹੇ ਹਨ। ਜਿਸ ਦੇ ਤਹਿਤ ਪਾਰਾ ਬਹੁਤ ਨੀਵਾਂ ਜਾਣ ਕਾਰਨ ਪੈ ਰਹੀ ਭਾਰੀ ਠੰਢ ਦੇ ਬਾਵਜੂਦ ਚੋਣ ਪਿੜ ਵਿਚਲਾ ਮਾਹੌਲ ਗਰਮਾਇਆ ਹੋਇਆ ਹੈ। ਕਾਂਗਰਸ ਨੇ ਕੱਲ੍ਹ ਜ਼ਿਲ੍ਹੇ ਦੀਆਂ ਅੱਠ ਵਿੱਚੋਂ ਛੇ ਸੀਟਾਂ ’ਤੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਭਾਵੇਂ ਕਿ ਖੁਸ਼ੀ ਤਾਂ ਸਾਰੇ ਹਲਕਿਆਂ ’ਚ ਹੀ ਵਧੇਰੇ ਹੈ ਪਰ ਇਨ੍ਹਾਂ ਵਿੱਚੋਂ ਤਿੰਨ ਹਲਕਿਆਂ ਦੇ ਵਰਕਰਾਂ ਵਿੱਚ ਤਾਂ ਹੋਰ ਵੀ ਵਧੇਰੇ ਖੁਸ਼ੀ ਦਾ ਮਾਹੌਲ ਹੈ। ਜ਼ਿਲ੍ਹੇ ’ਚ ਪਟਿਆਲਾ ਦਿਹਾਤੀ ਹਲਕੇ ਵਿੱਚ ਮੋਹਿਤ ਮਹਿੰਦਰਾ ਨੂੰ ਨਵੇਂ ਚਿਹਰੇ ਵਜੋਂ ਮੈਦਾਨ ’ਚ ਉਤਾਰਿਆ ਗਿਆ ਹੈ। ਜਿਸ ਕਰਕੇ ਉਨ੍ਹਾਂ ਦੇ ਸਮਰਥਕਾਂ ’ਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ। ਉਨ੍ਹਾਂ ਦੇ ਸਮਰਥਕਾਂ ਨੇ ਜਿਥੇ ਉਨ੍ਹਾਂ ਦੀ ਇਥੇ ਮੋਤੀ ਮਹਿਲ ਦੇ ਸਾਹਮਣੇ ਸਥਿਤ ਰਿਹਾਇਸ਼ ’ਤੇ ਆ ਕੇ ਭੰਗੜੇ ਪਾਏ ਤੇ ਲੱਡੂ ਵੰਡੇ, ਉਥੇ ਤ੍ਰਿਪੜੀ ਸਣੇ ਹੋਰ ਖੇਤਰਾਂ ’ਚ ਵੀ ਢੋਲ ਦੀ ਥਾਪ ’ਤੇ ਭੰਗੜੇ ਪਾਏ ਗਏ। ਪਾਰਟੀ ਵਰਕਰਾਂ ਨੇ ਮਹਿੰਦਰਾ ਪਰਿਵਾਰ ਦੇ ਕਰੀਬੀ ਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸੰਤ ਰਾਮ ਬਾਂਗਾ ਨੂੰ ਵੀ ਲੱਡੂ ਖੁਆਏ। ਇਸੇ ਤਰ੍ਹਾਂ ਯੂਥ ਆਗੂ ਮਦਨ ਭਾਰਦਵਾਜ, ਰੋਮੀ ਸਿੰਬੜੋ ਤੇ ਕਈ ਹੋਰਾਂ ਨੇ ਵੀ ਆਪੇ ਆਪਣੇ ਇਲਾਕੇ ’ਚ ਲੰਡੂ ਵੰਡੇ।
ਉਧਰ ਸਨੌਰ ਹਲਕੇ ’ਚ ਹੈਰੀਮਾਨ ਦੀ ਟਿਕਟ ’ਤੇ ਖਤਰਾ ਮੰਡਰਾ ਰਿਹਾ ਸੀ। ਜਿਸ ਕਰਕੇ ਟਿਕਟ ਮਿਲਣ ’ਤੇ ਸਮਰਥਕਾਂ ਨੇ ਭਾਰੀ ਖੁਸ਼ੀ ਮਨਾਈ। ਪੰਜਾਬ ਕਾਂਗਰਸ ਦੇ ਸਕੱਤਰ ਜੋਗਿੰਦਰ ਕਾਕੜਾ, ਪੰਚਾਇਤ ਸਮਿਤੀ ਸਨੌਰ ਦੇ ਚੇਅਰਮੈਨ ਅਸ਼ਵਨੀ ਬੱਤਾ, ਆੜ੍ਹਤੀ ਆਗੂ ਹਰਜਿੰਦਰ ਹਰੀਕਾ, ਯੂਥ ਆਗੂ ਹਰਦੀਪ ਜੋਸ਼ਨ ਸਮੇਤ ਕਈ ਹੋਰਨਾ ਨੇ ਵੀ ਲੱਡੂ ਵੰਡੇ ਅਤੇ ਭੰਗੜੇ ਪਾਏੇ।
ਇਸੇ ਤਰ੍ਹਾਂ ਨਾਭਾ ’ਚ ਸਾਧੂ ਸਿੰਘ ਧਰਮਸੋਤ ਦੀ ਟਿਕਟ ਵੀ ਕੱਟੇ ਜਾਣ ਦਾ ਖਦਸ਼ਾ ਸੀ ਪਰ ਅਜਿਹਾ ਨਹੀਂ ਹੋਇਆ। ਜਿਸ ਕਰਕੇ ਉਨ੍ਹਾਂ ਦੇ ਸਮਰਥਕਾਂ ਨੇ ਵੀ ਭੰਗੜਾ ਪਾਉਂਦਿਆਂ ਧਰਤੀ ਪੁੱਟਣ ਵਾਲ਼ੇ ਹਾਲਾਤ ਪੈਦਾ ਕਰ ਦਿੱਤੇ। ਇਸ ਤੋਂ ਇਲਾਵਾ ਘਨੌਰ ਤੋਂ ਮਦਨ ਲਾਲ ਜਲਾਲਪੁਰ, ਰਾਜਪੁਰਾ ਤੋਂ ਹਰਦਿਆਲ ਕੰਬੋਜ ਅਤੇ ਸਮਾਣਾ ਤੋਂ ਕਾਕਾ ਰਾਜਿੰਦਰ ਸਿੰਘ ਨੂੰ ਵੀ ਮੁੜ ਟਿਕਟ ਮਿਲਣ ’ਤੇ ਉਨ੍ਹਾਂ ਦੇ ਹਮਾਇਤੀਆਂ ਨੇ ਵੀ ਲੱਡੂ ਵੰਡੇ ਅਤੇ ਭੰਗੜੇ ਪਾਏ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ