ਸਰਬਜੀਤ ਸਿੰਘ ਭੰਗੂ/ਮੁਖਤਿਆਰ ਸਿੰਘ ਨੌਗਾਵਾਂ
ਪਟਿਆਲਾ/ਦੇਵੀਗੜ੍ਹ, 25 ਸਤੰਬਰ
ਪਿਛਲੇ ਦਿਨਾਂ ਤੋਂ ਲਗਾਤਾਰ ਪੈ ਰਹੀ ਬਰਸਾਤ ਕਰਕੇ ਘੱਗਰ ਤੇ ਹੋਰ ਨਦੀਆਂ ਵਿੱਚ ਪਾਣੀ ਦਾ ਪੱਧਰ ਵਧ ਗਿਆ ਹੈ। ਇਸ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅੱਜ ਘੱਗਰ ਦਰਿਆ, ਮੀਰਾਪੁਰ ਚੋਅ ਅਤੇ ਟਾਂਗਰੀ ਨਦੀ ਦਾ ਦੌਰਾ ਕਰ ਕੇ ਹਾਲਾਤ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਬੱਲਮਗੜ੍ਹ, ਹਡਾਣਾ ਤੇ ਦੇਵੀਗੜ੍ਹ-ਪਿਹੋਵਾ ਰੋਡ ’ਤੇ ਪਾਣੀ ਦੇ ਵਹਾਅ ਦਾ ਜਾਇਜ਼ਾ ਲੈਂਦਿਆਂ ਜਲ ਨਿਕਾਸ ਵਿਭਾਗ ਦੇ ਅਧਿਕਾਰੀਆਂ ਨੂੰ ਲੋੜੀਂਦੇ ਨਿਰਦੇਸ਼ ਦਿੱਤੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਪ੍ਰੀਤ ਸਿੰਘ ਥਿੰਦ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਨਦੀਆਂ ਵਿੱਚ ਵਧੇ ਹੋਏ ਪਾਣੀ ਦੇ ਪੱਧਰ ਕਰਕੇ ਠੀਕਰੀ ਪਹਿਰੇ ਲਗਾਏ ਜਾਣ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਦੀ ਪੂਰੀ ਟੀਮ ਨੂੰ ਚੌਕਸ ਕਰ ਦਿੱਤਾ ਗਿਆ ਹੈ। ਡਰੇਨੇਜ ਵਿਭਾਗ ਸਮੇਤ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਵੱਲੋਂ ਗਸ਼ਤ ਕੀਤੀ ਜਾ ਰਹੀ ਹੈ। ਸਾਕਸ਼ੀ ਸਾਹਨੀ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਸਾਰੇ ਹੜ੍ਹ ਕੰਟਰੋਲ ਰੂਮ ਕਾਰਜਸ਼ੀਲ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਹੜ੍ਹਾਂ ਵਰਗੀ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ। ਪਟਿਆਲਾ ਦੇ ਐੱਸ.ਡੀ.ਐੱਮ. ਡਾ. ਇਸਮਤ ਵਿਜੇ ਸਿੰਘ, ਸਮਾਣਾ ਦੇ ਐੱਸ.ਡੀ.ਐੱਮ. ਚਰਨਜੀਤ ਸਿੰਘ, ਰਾਜਪੁਰਾ ਦੇ ਐੱਸ.ਡੀ.ਐੱਮ. ਡਾ. ਸੰਜੀਵ ਕੁਮਾਰ, ਨਾਭਾ ਦੇ ਐੱਸ.ਡੀ.ਐੱਮ. ਕੰਨੂ ਗਰਗ, ਦੂਧਨ ਸਾਧਾਂ ਦੇ ਐੱਸ.ਡੀ.ਐੱਮ. ਕਿਰਪਾਲ ਵੀਰ ਸਿੰਘ ਤੇ ਪਾਤੜਾਂ ਦੇ ਐੱਸ.ਡੀ.ਐੱਮ. ਨਵਦੀਪ ਕੁਮਾਰ ਵੱਲੋਂ ਆਪਣੇ ਇਲਾਕਿਆਂ ਅੰਦਰੋਂ ਲੰਘਦੇ ਨਦੀਆਂ ਤੇ ਨਾਲਿਆਂ ਦਾ ਖ਼ੁਦ ਨਿਰੀਖਣ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਘੱਗਰ ਸਮੇਤ ਬਾਕੀ ਨਦੀਆਂ ਦੇ ਵਹਾਅ ਅਤੇ ਪਾਣੀ ਦੇ ਪੱਧਰ ਉਤੇ 24 ਘੰਟੇ ਨਿਗਰਾਨੀ ਰੱਖਣ ਲਈ ਡਰੇਨੇਜ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਰਮਨਦੀਪ ਸਿੰਘ ਬੈਂਸ ਨੂੰ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਖ਼ਤਰੇ ਦੀ ਸਥਿਤੀ ’ਤੇ ਕਾਬੂ ਪਾਉਣ ਲਈ ਪੂਰੀ ਤਿਆਰੀ ਕਰਕੇ ਰੱਖੀ ਜਾਵੇ। ਐਕਸੀਐਨ ਬੈਂਸ ਨੇ ਦੱਸਿਆ ਕਿ ਦਰਿਆਵਾਂ ਵਿੱਚ ਪਾਣੀ ਦੇ ਵਹਾਅ ਨੂੰ ਨਿਰਵਿਘਨ ਜਾਰੀ ਰੱਖਣ ਲਈ ਬੂਟੀ ਨੂੰ ਕੱਢੇ ਜਾਣ ਸਮੇਤ ਖ਼ਤਰੇ ਵਾਲੀਆਂ ਥਾਵਾਂ ਵਿਖੇ ਜੇ.ਸੀ.ਬੀ. ਮਸ਼ੀਨਾਂ ਸਮੇਤ ਹੋਰ ਮਸ਼ੀਨਰੀ ਪਹਿਲਾਂ ਹੀ ਤਾਇਨਾਤ ਕੀਤੀ ਹੋਈ ਹੈ।