Technical Apprentices Join Ongoing Powercom Protest: ਡਿਪਲੋਮਾ ਤੇ ਡਿਗਰੀ ਅਪ੍ਰੈਂਟਿਸ ਨੇ ਮੋਰਚਾ ਖੋਲ੍ਹਿਆ
ਚਾਰ ਜਥੇਬੰਦੀਆਂ ਨੇ ਪਹਿਲਾਂ ਹੀ ਲਾਏ ਹੋਏ ਹਨ ਪੱਕੇ ਡੇਰੇ; ਸੇਵਾਵਾਂ ਰੈਗੂਲਰ ਕਰਨ ਦੀ ਮੰਗ
ਆਪਣੀਆਂ ਮੰਗਾਂ ਦੀ ਪੂਰਤੀ ਲਈ ਜਿੱਥੇ ਪਾਵਰਕੌਮ ਦਫ਼ਤਰ ਮੂਹਰੇ ਬਿਜਲੀ ਮੁਲਾਜ਼ਮਾਂ/ਵਰਕਰਾਂ ਦੀਆਂ ਚਾਰ ਜਥੇਬੰਦੀਆਂ ਦੇ ਪੱਕੇ ਮੋਰਚੇ ਪਹਿਲਾਂ ਹੀ ਚੱਲ ਰਹੇ ਹਨ, ਉੱਥੇ ਹੀ ਅੱਜ ਡਿਪਲੋਮਾ/ਡਿਗਰੀ ਟੈਕਨੀਕਲ ਅਪ੍ਰੈਂਟਿਸਸ਼ਿਪ ਐਸੋਸੀਏਸ਼ਨ ਨੇ ਵੀ ਮੁੱਖ ਗੇਟ ਅੱਗੇ ਤੰਬੂ ਗੱਡ ਕੇ ਪੱਕਾ ਧਰਨਾ ਸ਼ੁਰੂ ਕਰ ਦਿੱਤਾ। ਬੁੱਧਵਾਰ ਸ਼ਾਮੀਂ ਸ਼ੁਰੂ ਹੋਏ ਇਸ ਸੂਬਾ ਪੱਧਰੇ ਧਰਨੇ ਦੀ ਅਗਵਾਈ ਕਰਦਿਆਂ ਸੂਬਾ ਪ੍ਰਧਾਨ ਗੁਰਦੀਪ ਅਬੋਹਰ ਨੇ ਕਿਹਾ ਕਿ ਡਿਪਲੋਮਾ/ਡਿਗਰੀ ਧਾਰਕਾਂ ਲਈ ਵੀ ਸਹਾਇਕ ਲਾਈਨਮੈਨਾਂ ਦੀਆਂ 1500 ਅਸਾਮੀਆਂ ਦੀ ਭਰਤੀ ਕੀਤੀ ਜਾਵੇ। ਉਨ੍ਹਾਂ ਇਸ ਮੰਗ ਦੀ ਪੂਰਤੀ ਤੱਕ ਡਟੇ ਰਹਿਣ ਦਾ ਅਹਿਦ ਲਿਆ।
ਜਥੇਬੰਦੀ ਦੇ ਆਗੂ ਸੁਖਮੰਦਰ ਗਿੱਲ ਦਾ ਕਹਿਣਾ ਸੀ ਕਿ ਇਸੇ ਮਹਿਕਮੇ ਵਿੱਚ ਇੱਕ ਸਾਲ ਦੀ ਤਕਨੀਕੀ ਅਪ੍ਰੈਂਟਿਸਸ਼ਿਪ ਕਰ ਕੇ ਅਸਲ ਕੰਮ ਦਾ ਤਜਰਬਾ ਹਾਸਲ ਕਰਨ ਵਾਲੇ ਨੌਜਵਾਨਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਸਰਕਾਰ ਅਤੇ ਮੈਨੇਜਮੈਂਟ ਨੇ ਜਲਦੀ ਨਿਆਂਪੂਰਨ ਅਤੇ ਠੋਸ ਫ਼ੈਸਲਾ ਨਾ ਲਿਆ ਤਾਂ ਸੰਘਰਸ਼ ਤਿੱਖਾ ਅਤੇ ਵਿਆਪਕ ਕੀਤਾ ਜਾਵੇਗਾ। ਇਸੇ ਦੌਰਾਨ ਆਊਟਸੋਰਸ ਐਂਪਲਾਈਜ਼ ਫੈੱਡਰੇਸ਼ਨ ਪੰਜਾਬ (ਸਟੋਰ ਅਤੇ ਮੀਟਰਿੰਗ ਲੈਬਜ਼) ਵੱਲੋਂ ਪਹਿਲਾਂ ਹੀ ਇੱਥੇ ਧਰਨਾ ਦਿੱਤਾ ਜਾ ਰਿਹਾ ਹੈ। ਜਿਸ ਦੀ ਅਗਵਾਈ ਸੂਬਾ ਪ੍ਰਧਾਨ ਕੁਲਜੀਤ ਸਿੰਘ ਲੋਹਕਾ ਕਰ ਰਹੇ ਹਨ। ਉਨ੍ਹਾਂ ਦੀ ਮੰਗ ਹੈ ਕਿ ਆਊਟਸੋਰਸ ਵਰਕਰਾਂ ਨੂੰ ਅਦਾਰੇ ’ਚ ਮਰਜ਼ ਕੀਤਾ ਜਾਵੇ ਤੇ ਬਕਾਇਆ ਤਨਖ਼ਾਹਾਂ ਜਾਰੀ ਹੋਣ। ਇਸ ਤੋਂ ਇਲਾਵਾ ਪਾਵਰਕੌਮ ਆਊਟਸੋਰਸ ਸਪਾਟ ਬਿਲਿੰਗ ਮੀਟਰ ਰੀਡਰ ਵੀ ਪ੍ਰਧਾਨ ਲਖਵਿੰਦਰ ਸਿੰਘ ਦੀ ਅਗਵਾਈ ਹੇਠਾਂ ਡਟੇ ਹੋਏ ਹਨ। ਉਹ ਵੀ ਰੈਗੂਲਰ ਸੇਵਾਵਾਂ ਤੇ ਬਕਾਇਆਂ ਦੀ ਅਦਾਇਗੀ ਸਮੇਤ ਹੋਰ ਮੰਗਾਂ ਦੀ ਪੂੂਰਤੀ ’ਤੇ ਜ਼ੋਰ ਦੇ ਰਹੇ ਹਨ। ਇਸੇ ਤਰ੍ਹਾਂ ਪਾਵਰਕੌਮ ਤੇ ਟਰਾਂਸਕੋ ਆਊਟਸੋਰਸਡ ਕਰਮਚਾਰੀ ਤਾਲਮੇਲ ਕਮੇਟੀ ਪੰਜਾਬ ਨੇ ਵੀ ਪ੍ਰਧਾਨ ਸੰਦੀਪ ਖੱਤਰੀ ਦੀ ਅਗਵਾਈ ਹੇਠ ਇੱਥੇ ਪੱਕੇ ਡੇਰੇ ਲਾਏ ਹੋਏ ਹਨ। ਠੇਕੇ ’ਤੇ ਕੰਮ ਕਰਦੇ ਇਹ ਕਰਮਚਾਰੀ ਵੀ ਰੈਗੂਲਰ ਕਰਨ ਦੀ ਮੰਗ ਕਰ ਰਹੇ ਹਨ ਤੇ ਨਾਲ ਹੀ ਉਨ੍ਹਾਂ ਰੁਕੀਆਂ ਤਨਖਾਹਾਂ ਦੀ ਫੌਰੀ ਅਦਾਇਗੀ ਵੀ ਮੰਗੀ ਜਾ ਰਹੀ ਹੈ। ਇਸ ਤੋਂ ਇਲਾਵਾ ਮ੍ਰਿਤਕ ਬਿਜਲੀ ਮੁਲਾਜ਼ਮਾਂ ਦੇ ਆਸ਼ਰਿਤ ਵੀ ਚਰਨਜੀਤ ਸਿੰਘ ਦੀ ਅਗਵਾਈ ਹੇਠ ਧਰਨਾ ਦਿੰਦਿਆਂ ਨੌਕਰੀ ਦੀ ਮੰਗ ਕਰ ਰਹੇ ਹਨ।
