Teachers Protest: ਡੀ ਸੀ ਕੰਪਲੈਕਸ ਅੱਗੇ ਗੂੰਜੇ ਅਧਿਆਪਕਾਂ ਦੇ ਨਾਅਰੇ
ਰਾਸ਼ਨ ਕਾਰਡ ਵੈਰੀਫਿਕੇਸ਼ਨ ਲਈ ਲਾਈਆਂ ਡਿਊਟੀਆਂ ਨੂੰ ਲੈ ਕੇ ਰੋਸ
ਅਧਿਆਪਕਾਂ ਦੀਆਂ ਗੈਰ ਵਿਦਿਅਕ ਡਿਊਟੀਆਂ, ਖ਼ਾਸ ਕਰਕੇ ਰਾਸ਼ਨ ਕਾਰਡ ਵੈਰੀਫਿਕੇਸ਼ਨ ਲਈ ਲਗਾਈਆਂ ਸੈਂਕੜੇ ਡਿਊਟੀਆਂ ਨੂੰ ਲੈ ਕੇ ਅਧਿਆਪਕਾਂ ਵਿੱਚ ਭਾਰੀ ਰੋਸ ਹੈ। ਇਸ ਕਾਰਨ ਅਧਿਆਪਕ ਜਥੇਬੰਦੀਆਂ ਵੱਲੋਂ ਸਮੁੱਚੇ ਪੰਜਾਬ ਵਿੱਚ ਅਜਿਹੀਆਂ ਡਿਊਟੀਆਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਹੈ| ਅੱਜ ਪਟਿਆਲਾ ਜ਼ਿਲ੍ਹੇ ਦੀਆਂ ਅਧਿਆਪਕ ਜਥੇਬੰਦੀਆਂ ਦੇ ਸੱਦੇ ’ਤੇ ਸੈਂਕੜੇ ਅਧਿਆਪਕਾਂ ਦੇ ਸਮੂਹਿਕ ਵਫਦ ਵੱਲੋਂ ਜਥੇਬੰਦੀਆਂ ਦੇ ਆਗੂਆਂ ਵਿਕਰਮ ਦੇਵ ਸਿੰਘ, ਪਰਮਜੀਤ ਸਿੰਘ, ਅਮਨਿੰਦਰ ਸਿੰਘ ਬਾਬਾ ਅਤੇ ਪਰਮਵੀਰ ਸਿੰਘ ਦੀ ਸਾਂਝੀ ਅਗਵਾਈ ਹੇਠ ਡੀ ਸੀ ਦਫਤਰ ਵਿੱਚ ਪਹੁੰਚ ਕੀਤੀ ਗਈ, ਪ੍ਰੰਤੂ ਕੋਈ ਠੋਸ ਹੱਲ ਨਾ ਮਿਲਣ ‘ਤੇ ਅਧਿਆਪਕਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਡਿਊਟੀਆਂ ਲਗਾਉਣ ਵਾਲੇ ਐੱਸ ਡੀ ਐੇੱਮ ਪਟਿਆਲਾ ਖ਼ਿਲਾਫ਼ ਡੀ ਸੀ ਕੰਪਲੈਕਸ ਵਿੱਚ ਇਕੱਠ ਨੂੰ ਧਰਨੇ ਦਾ ਰੂਪ ਦਿੰਦੇ ਹੋਏ ਨਾਅਰੇਬਾਜ਼ੀ ਕੀਤੀ ਗਈ| ਅਧਿਆਪਕਾਂ ਦੇ ਰੋਹ ਨੂੰ ਵੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 16 ਸਤੰਬਰ ਨੂੰ ਦੁਪਹਿਰੇ ਡੇਢ ਵਜੇ ਡੀ ਸੀ ਨਾਲ ਮੁਲਾਕਾਤ ਦਾ ਸਮਾਂ ਤੈਅ ਕਰਵਾਇਆ ਗਿਆ, ਜਿਸ ਉਪਰੰਤ ਧਰਨਾ ਸਮਾਪਤ ਕੀਤਾ ਗਿਆ |
ਆਗੂਆਂ ਨੇ ਦੱਸਿਆ ਕਿ ਅੱਜ ਦੇ ਪ੍ਰਦਰਸ਼ਨ ਰਾਹੀਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਰੁਕਾਵਟ ਬਣ ਰਹੀਆਂ ਅਧਿਆਪਕਾਂ ਦੀਆਂ ਗੈਰ-ਵਿਦਿਅਕ ਡਿਊਟੀਆਂ, ਜਿਨ੍ਹਾਂ ਵਿੱਚ ਰਾਸ਼ਨ ਕਾਰਡ ਵੈਰੀਫਿਕੇਸ਼ਨ, ਹੈਲਥ ਕਾਰਡ, ਪਰਾਲੀ ਪ੍ਰਬੰਧਨ, ਵੱਖ-ਵੱਖ ਪ੍ਰਕਾਰ ਦੀਆਂ ਡਾਕਾਂ ਆਦਿ ਮੁਕੰਮਲ ਰੱਦ ਕੀਤੀਆਂ ਜਾਣ ਅਤੇ ਜੇ ਇਹ ਵੱਖ-ਵੱਖ ਤਰ੍ਹਾਂ ਦੀਆਂ ਵਾਧੂ ਮੰਨੀਆਂ ਜਾ ਰਹੀਆਂ ਡਿਊਟੀਆਂ ਵਾਪਸ ਨਾ ਲਈਆਂ ਗਈਆਂ ਤਾਂ ਬਾਕੀ ਗੈਰ ਵਿਦਿਅਕ ਕੰਮਾਂ ਦੇ ਬਾਈਕਾਟ ਵਜੋਂ ਇਨ੍ਹਾਂ ਡਿਊਟੀਆਂ ਨੂੰ ਨਹੀਂ ਕਰਨਗੇ|
ਨੀਲੇ ਰਾਸ਼ਨ ਕਾਰਡਾਂ ਦੀ ਵੈਰੀਫਿਕੇਸਨ ਦਾ ਜਬਰੀ ਕੰਮ ਕਰਾਉਣ ਦਾ ਵਿਰੋਧ
ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਨੇ ਨੀਲੇ ਰਾਸ਼ਨ ਕਾਰਡਾਂ ਦੀ ਵੈਰੀਫਿਕੇਸ਼ਨ ਦਾ ਕੰਮ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਤੋਂ ਕਰਵਾਉਣ ਦਾ ਵਿਰੋਧ ਕੀਤਾ ਹੈ। ਯੂਨੀਅਨ ਆਗੂਆਂ ਅਨੁਸਾਰ ਰਾਸ਼ਨ ਕਾਰਡਾਂ ਦੀ ਵੈਰੀਫਿਕੇਸ਼ਨ ਫੂਡ ਅਤੇ ਸਪਲਾਈ ਵਿਭਾਗ ਨਾਲ ਸਬੰਧਤ ਕੰਮ ਹੈ। ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਕੌਰ ਨੀਲੋਵਾਲ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਬੰਧਤ ਅਧਿਕਾਰੀਆਂ ਨੂੰ ਪਹਿਲਾਂ ਹੀ ਜਾਣੂ ਕਰਵਾਇਆ ਜਾ ਚੁੱਕਾ ਹੈ ਕਿ ਆਂਗਣਵਾੜੀ ਵਰਕਰਾਂ ਨੂੰ ਆਪਣੇ ਵਿਭਾਗ ਦੇ ਨਿਰਧਾਰਤ ਕੰਮ ਤੋਂ ਇਲਾਵਾ ਦੂਜੇ ਵਿਭਾਗਾਂ ਦੇ ਕੰਮਾਂ ਲਈ ਮਜਬੂਰ ਨਾ ਕੀਤਾ ਜਾਵੇ। ਇਸ ਦੇ ਬਾਵਜੂਦ ਕਈ ਥਾਵਾਂ ’ਤੇ ਸੀ ਡੀ ਪੀ ਓ ਅਤੇ ਸੁਪਰਵਾਈਜ਼ਰ ਆਂਗਣਵਾੜੀ ਵਰਕਰਾਂ ਨੂੰ ਡਰਾ-ਧਮਕਾ ਕੇ ਅਤੇ ਦਬਾਅ ਪਾ ਕੇ ਨੀਲੇ ਰਾਸ਼ਨ ਕਾਰਡਾਂ ਦੀ ਵੈਰੀਫਿਕੇਸ਼ਨ ਕਰਵਾਉਣ ਲਈ ਪੱਬਾਂ ਭਾਰ ਹੋਏ ਪਏ ਹਨ। ਜ਼ਿਲ੍ਹਾ ਜਨਰਲ ਸਕੱਤਰ ਮਨਦੀਪ ਕੁਮਾਰੀ ਨੇ ਕਿਹਾ ਕਿ ਜੇ ਕਿਸੇ ਅਧਿਕਾਰੀ ਵੱਲੋਂ ਜਬਰੀ ਕੰਮ ਕਰਵਾਉਣ, ਧਮਕਾਉਣ ਜਾਂ ਕਿਸੇ ਕਿਸਮ ਦੀ ਵਿਭਾਗੀ ਕਾਰਵਾਈ ਦੀ ਧਮਕੀ ਦਿੱਤੀ ਜਾਂਦੀ ਹੈ ਤਾਂ ਯੂਨੀਅਨ ਇਸ ਦਾ ਜਥੇਬੰਦਕ ਤੌਰ ’ਤੇ ਡਟ ਕੇ ਵਿਰੋਧ ਕਰੇਗੀ। ਜ਼ਿਲ੍ਹਾ ਖਜ਼ਾਨਚੀ ਹਰਪ੍ਰੀਤ ਕੌਰ ਛਾਜਲੀ ਨੇ ਪ੍ਰਸ਼ਾਸਨ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਸੀ ਡੀ ਪੀ ਓ ਅਤੇ ਸੁਪਰਵਾਈਜ਼ਰਾਂ ਵੱਲੋਂ ਆਂਗਣਵਾੜੀ ਵਰਕਰਾਂ ’ਤੇ ਪਾਏ ਜਾ ਰਹੇ ਦਬਾਅ ਨੂੰ ਤੁਰੰਤ ਬੰਦ ਕਰਵਾਇਆ ਜਾਵੇ । ਜੇ ਅਜਿਹਾ ਰੋਕਿਆ ਨਾ ਗਿਆ ਤਾਂ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।

