ਫੀਲਖਾਨਾ ਸਕੂਲ ਦੇ ਮੁੱਖੀ ਨੂੰ ਫੌਰੀ ਫਾਰਗ ਕਰਨ ’ਤੇ ਅੜੇ ਅਧਿਆਪਕ

ਫੀਲਖਾਨਾ ਸਕੂਲ ਦੇ ਮੁੱਖੀ ਨੂੰ ਫੌਰੀ ਫਾਰਗ ਕਰਨ ’ਤੇ ਅੜੇ ਅਧਿਆਪਕ

ਜ਼ਿਲ੍ਹਾ ਸਿੱਖਿਆ ਅਫਸਰ ਅਮਰਜੀਤ ਸਿੰਘ ਨੂੰ ਮੰਗ ਪੱਤਰ ਦਿੰਦੇ ਹੋਏ ਅਧਿਆਪਕ ਆਗੂ।

ਰਵੇਲ ਸਿੰਘ ਭਿੰਡਰ
ਪਟਿਆਲਾ, 3 ਦਸੰਬਰ

ਪਟਿਆਲਾ ਸ਼ਹਿਰ ਵਿੱਚ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੀਲਖਾਨਾ ਦੇ ਵਿਦਿਆਰਥੀਆਂ ਨੂੰ ਸੈਸ਼ਨ 2020-2021 ਲਈ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਿੱਡ-ਡੇਅ ਮੀਲ ਦਾ ਅਨਾਜ ਤੈਅਸ਼ੁਦਾ ਮਾਤਰਾ ’ਚ ਵੰਡਣ ਦੀ ਬਜਾਏ ਅਨਾਜ ਨੂੰ ਕਥਿਤ ਤੌਰ ’ਤੇ ਖੁਰਦ-ਬੁਰਦ ਕਰਨ ਅਤੇ ਸਕੂਲ ਸਟਾਫ ਨੂੰ ਧਮਕਾਉਣ ਦੇ ਦੋਸ਼ ਲਗਾਉਂਦਿਆਂ ਸਕੂਲ ਪ੍ਰਿੰਸੀਪਲ ਖ਼ਿਲਾਫ਼ ਤੁਰੰਤ ਕਾਰਵਾਈ ਦੀ ਮੰਗ ਨੂੰ ਲੈ ਕੇ ਸਾਂਝਾ ਅਧਿਆਪਕ ਮੋਰਚਾ ਪਟਿਆਲਾ ਦਾ ਇਕ ਵਫ਼ਦ ਅਧਿਆਪਕ ਆਗੂਆਂ ਦਾ ਇਕ ਵਫ਼ਦ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਅਮਰਜੀਤ ਸਿੰਘ ਅਤੇ ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਸੁਖਵਿੰਦਰ ਕੁਮਾਰ ਖੋਸਲਾ ਨੂੰ ਮਿਲਿਆ। ਇਸ ਮੌਕੇ ਅਧਿਆਪਕ ਆਗੂ ਵਿਕਰਮ ਦੇਵ ਸਿੰਘ, ਜਗਤਾਰ ਸਿੰਘ ਟਿਵਾਣਾ, ਦਲਵੀਰ ਸਿੰਘ ਅਤੇ ਦਵਿੰਦਰ ਸਿੰਘ ਦੀ ਅਗਵਾਈ ਵਿੱਚ ਵਫ਼ਦ ਵੱਲੋਂ ਸਿੱਖਿਆ ਮੰਤਰੀ ਤੇ ਸਿੱਖਿਆ ਸਕੱਤਰ ਦੇ ਨਾਂ ਮੰਗ ਪੱਤਰ ਵੀ ਸੌਂਪਿਆ ਗਿਆ।

ਅਧਿਆਪਕ ਆਗੂਆਂ ਨੇ ਦੱਸਿਆ ਕਿ ਇਸ ਘਟਨਾ ਨੂੰ ਕਈ ਦਿਨ ਬੀਤਣ ਦੇ ਬਾਵਜੂਦ ਜ਼ਿੰਮੇਵਾਰ ਵਿਅਕਤੀ ਖ਼ਿਲਾਫ਼ ਕੋਈ ਕਾਰਵਾਈ ਅਮਲ ’ਚ ਨਹੀਂ ਲਿਆਂਦੀ ਗਈ, ਸਗੋਂ ਮਾਮਲੇ ਨੂੰ ਵਿਭਾਗ ਦੇ ਧਿਆਨ ਵਿੱਚ ਲਿਆਉਣ ਵਾਲੇ ਸਕੂਲ ਸਟਾਫ ਉੱਤੇ ਹੀ ਪ੍ਰਿੰਸੀਪਲ ਵੱਲੋਂ ਕਈ ਤਰ੍ਹਾਂ ਦਬਾਅ ਬਣਾਏ ਜਾ ਰਹੇ ਹਨ। ਸਾਂਝਾ ਅਧਿਆਪਕ ਮੋਰਚੇ ਨੇ ਮੰਗ ਕੀਤੀ ਕਿ ਇਸ ਕਥਿਤਭ੍ਰਿਸ਼ਟਾਚਾਰ ਲਈ ਸਕੂਲ ਪ੍ਰਿੰਸੀਪਲ ਨੂੰ ਸਕੂਲ ਤੋਂ ਤੁਰੰਤ ਫਾਰਗ ਕੀਤਾ ਜਾਵੇ ਅਤੇ ਮਾਮਲੇ ਦੀ ਨਿਰਪੱਖ ਉੱਚ ਪੱਧਰੀ ਜਾਂਚ ਕਰਵਾ ਕੇ ਜ਼ਿੰਮੇਵਾਰ ਵਿਅਕਤੀ ਅਤੇ ਉਸ ਦੀ ਪੁਸ਼ਤ ਪੁਨਾਹੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਇਸ ਮੌਕੇ ਅਧਿਆਪਕ ਜੱਥੇਬੰਦੀਆਂ ਦੇ ਵੱਖ-ਵੱਖ ਆਗੂਆਂ ਤੋਂ ਇਲਾਵਾ ਸਕੂਲ ਸਟਾਫ਼ ਮੈਂਬਰ ਵੀ ਸ਼ਾਮਲ ਸਨ। ਦੱਸਣਯੋਗ ਹੈ ਕਿ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਉਣ ’ਤੇ ਜ਼ਿਲ੍ਹਾ ਸਿੱਖਿਆ ਪ੍ਰਸ਼ਾਸਨ ਨੇ ਅਨਾਜ ਭੰਡਾਰ ਸੀਲ ਕੀਤਾ ਹੋਇਆ ਹੈ ਅਤੇ ਵਿਭਾਗੀ ਤੌਰ ’ਤੇ ਮਾਮਲੇ ਦੀ ਜਾਂਚ ਚੱਲ ਰਹੀ ਹੈ। ਉੱਧਰ, ਸਾਂਝੇ ਅਧਿਆਪਕ ਮੋਰਚੇ ’ਚ ਇਸ ਗੱਲ ਨੂੰ ਲੈ ਕੇ ਕਾਫੀ ਰੋਸ ਹੈ ਕਿ ਚੱਲ ਰਹੀ ਜਾਂਚ ਪੜਤਾਲ ਦੇ ਬਾਵਜੂਦ ਪ੍ਰਿੰਸੀਪਲ ਨੇ ਅੱਜ ਮੈਡੀਕਲ ਛੁੱਟੀ ਤੋਂ ਬਾਅਦ ਸਕੂਲ ਵਿੱਚ ਮੁੜ ਜੁਆਇਨ ਕਰ ਲਿਆ ਹੈ। ਇਸ ਸਬੰਧੀ ਡੀਈਓ (ਐਲੀਮੈਂਟਰੀ) ਅਮਰਜੀਤ ਸਿੰਘ ਨੇ ਕਿਹਾ ਕਿ ਮਸਲੇ ਦੀ ਪੜਤਾਲ ਕੀਤੀ ਜਾ ਰਹੀ ਹੈ, ਜੋ ਕੋਈ ਵੀ ਦੋਸ਼ੀ ਪਾਇਆ ਗਿਆ ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All