ਦਿ ਟ੍ਰਿਬਿਊਨ ਗਰੁੱਪ ਵੱਲੋਂ ਪੱਛੜੇ ਇਲਾਕੇ ਵਿੱਚ ਮਿਆਰੀ ਸਿੱਖਿਆ ਪ੍ਰਦਾਨ ਕਰਨ ਬਦਲੇ ਟੈਗੋਰ ਇੰਟਰਨੈਸ਼ਨਲ ਸਕੂਲ ਅਕਬਰਪੁਰ ਅਫ਼ਗਾਨਾ ਨੂੰ ਦਿ ਪੰਜਾਬ ਅਚੀਵਰਜ਼ ਐਵਾਰਡ 2026 ਨਾਲ ਸਨਮਾਨਿਆ ਗਿਆ। ਬੀਤੇ ਦਿਨੀਂ ਪਟਿਆਲਾ ਵਿੱਚ ਹੋਏ ਐਵਾਰਡ ਸਮਾਰੋਹ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਹ ਵੱਕਾਰੀ ਸਨਮਾਨ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਗੌਰਵ ਗੁਲਾਟੀ ਅਤੇ ਪ੍ਰਬੰਧਕਾਂ ਨੂੰ ਸੌਂਪਿਆ।
ਇਹ ਸਨਮਾਨ ਸਿੱਖਿਆ ਦੇ ਖੇਤਰ ਵਿੱਚ ਸਕੂਲ ਦੇ ਵਿਲੱਖਣ ਯੋਗਦਾਨ, ਸਮਾਜ ਸੇਵਾ ਬਦਲੇ ਦਿੱਤਾ ਗਿਆ ਹੈ। ਇਸ ਮੌਕੇ ਸਕੂਲ ਦੇ ਪ੍ਰੈਜ਼ੀਡੈਂਟ ਸ੍ਰੀਮਤੀ ਸਲੋਨੀ ਗੁਲਾਟੀ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇਹ ਸਨਮਾਨ ਸਕੂਲ ਦੇ ਸਮੂਹ ਪਰਿਵਾਰ ਦੀ ਮਿਹਨਤ, ਸਮਰਪਣ ਅਤੇ ਗੁਣਵੱਤਾ ਭਰਪੂਰ ਸਿੱਖਿਆ ਪ੍ਰਤੀ ਵਚਨਬੱਧਤਾ ਦਾ ਪ੍ਰਤੀਕ ਹੈ। ਸਕੂਲ ਹਮੇਸ਼ਾ ਹੀ ਵਿਦਿਆਰਥੀਆਂ ਨੂੰ ਆਧੁਨਿਕ ਸਿੱਖਿਆ, ਨੈਤਿਕ ਕਦਰਾਂ-ਕੀਮਤਾਂ, ਸਮਾਜਿਕ ਜ਼ਿੰਮੇਵਾਰੀਆਂ ਨਾਲ ਜੋੜਨ ਲਈ ਯਤਨਸ਼ੀਲ ਰਿਹਾ ਹੈ। ਮੈਨੇਜਰ ਸੁਸ਼ੀਲ ਮਿਸ਼ਰਾ ਅਤੇ ਪ੍ਰਿੰਸੀਪਲ ਡਾ. ਮੀਨਾਕਸ਼ੀ ਸੂਦ ਨੇ ਗੌਰਵ ਗੁਲਾਟੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਦਿ ਟ੍ਰਿਬਿਊਨ ਸਮੂਹ ਵੱਲੋਂ ਦਿੱਤਾ ਇਹ ਵੱਕਾਰੀ ਸਨਮਾਨ ਸਮੂਹ ਟੈਗੋਰ ਪਰਿਵਾਰ ਲਈ ਮਾਣ ਵਾਲੀ ਗੱਲ ਹੈ। ਸ੍ਰੀ ਗੁਲਾਟੀ ਨੇ ਐਵਾਰਡ ਅਧਿਆਪਕਾਂ, ਵਿਦਿਆਰਥੀਆਂ, ਮਾਪਿਆਂ ਅਤੇ ਸਟਾਫ਼ ਨੂੰ ਸਮਰਪਿਤ ਕਰਦਿਆਂ ਕਿਹਾ ਕਿ ਅਸਲ ਸਫਲਤਾ ਉਹੀ ਹੁੰਦੀ ਹੈ, ਜੋ ਸਮਾਜ ਵਿੱਚ ਸਕਾਰਾਤਮਕ ਬਦਲਾਅ ਲਿਆਵੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਸੁਪਨਿਆਂ ਨੂੰ ਨਵੀਂ ਉਡਾਣ ਦੇਵੇ। ਇਹ ਸਨਮਾਨ ਉਨ੍ਹਾਂ ਨੂੰ ਸਿੱਖਿਆ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਹੋਰ ਸਮਰਪਣ ਨਾਲ ਕੰਮ ਕਰਨ ਲਈ ਪ੍ਰੇਰਿਤ ਕਰੇਗਾ।

