ਪੱਤਰ ਪ੍ਰੇਰਕ
ਪਟਿਆਲਾ, 22 ਅਕਤੂਬਰ
ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਮੰਡਲ ਪਟਿਆਲਾ ਇਕਾਈ ਵੱਲੋਂ ਅੱਜ ਵਣ ਰੇਂਜ ਅਫ਼ਸਰ ਦੇ ਦਫ਼ਤਰ ਦਾ ਘਿਰਾਓ ਕੀਤਾ ਗਿਆ। ਇਸ ਵੇਲੇ ਉਨ੍ਹਾਂ ਪੰਜਾਬ ਸਰਕਾਰ ਦੇ ਜੰਗਲਾਤ ਵਿਭਾਗ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਜਦੋਂ ਤੋਂ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਬਣੇ ਹਨ ਉਦੋਂ ਤੋਂ ਜੰਗਲਾਤ ਖੇਤਰ ਦੀ ਜ਼ਮੀਨ ’ਤੇ ਨਜਾਇਜ਼ ਕਬਜ਼ੇ ਹੋ ਰਹੇ ਹਨ। ਇਸ ਵੇਲੇ ਯੂਨੀਅਨ ਦੇ ਮੁੱਖ ਆਗੂ ਬਲਬੀਰ ਸਿੰਘ ਮੰਡੌਲੀ ਨੇ ਕਿਹਾ ਕਿ ਵਰਕਰਾਂ ਵੱਲੋਂ ਦਫ਼ਤਰ ਵਣ ਰੇਂਜ ਅਫ਼ਸਰ ਦਾ ਘਿਰਾਓ ਕਰਕੇ ਨਾਅਰੇਬਾਜ਼ੀ ਕੀਤੀ ਗਈ। ਕੰਮ ਤੋਂ ਹਟਾਏ ਗਏ ਵਰਕਰਾਂ ਨੂੰ ਬਹਾਲ ਕਰਵਾਉਣ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਆਗੂਆਂ ਨੇ ਜਿੱਥੇ ਨਾਅਰੇਬਾਜ਼ੀ ਕੀਤੀ, ਉੱਥੇ ਹੀ ਭ੍ਰਿਸ਼ਟਾਚਾਰ ਦੀ ਦਲ ਦਲ ਵਿੱਚ ਘਿਰੇ ਵਣ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਅਤੇ ਪੰਜਾਬ ਸਰਕਾਰ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਮੰਗਾਂ ਨਾ ਮੰਨਣ ’ਤੇ ਰੇਂਜ ਅਧਿਕਾਰੀ ਦਾ ਪਿੱਟ ਸਿਆਪਾ ਕਰਦੇ ਹੋਏ ਯੂਨੀਅਨ ਵੱਲੋਂ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਰਾਜੇਸ਼ ਕੁਮਾਰ, ਸ਼ਮਸ਼ੇਰ ਸਿੰਘ ਅਸਮਾਨਪੁਰ, ਬੀਬੀ ਦੁਰਗਾ ਦੇਵੀ, ਸਤਿਆ ਰਾਣੀ, ਸੁਚੀਤਾ ਰਾਣੀ, ਹਰਜੀਤ ਕੌਰ, ਰੇਖਾ ਰਾਣੀ, ਬਚਨ ਸਿੰਘ, ਗੁਰਤੇਜ ਸਿੰਘ, ਤਾਰਾ ਸਿੰਘ ਹਾਜ਼ਰ ਸੀ।