ਹੋਸਟਲ ਨਾ ਮਿਲਣ ਕਾਰਨ ਵਿਦਿਆਰਥਣਾਂ ਵੱਲੋਂ ਧਰਨਾ

ਹੋਸਟਲ ਨਾ ਮਿਲਣ ਕਾਰਨ ਵਿਦਿਆਰਥਣਾਂ ਵੱਲੋਂ ਧਰਨਾ

ਵਾਈਸ ਚਾਂਸਲਰ ਦਫ਼ਤਰ ਅੱਗੇ ਰੋਸ ਧਰਨਾ ਦਿੰਦੇ ਹੋਏ ਵਿਦਿਆਰਥੀ।

ਰਵੇਲ ਸਿੰਘ ਭਿੰਡਰ

ਪਟਿਆਲਾ, 18 ਜਨਵਰੀ

ਪੰਜਾਬੀ ਯੂਨੀਵਰਸਿਟੀ ਪਟਿਆਲਾ ‘ਆਫ ਲਾਈਨ’ ਹੋਣ ਮਗਰੋਂ ਮੁੜ ‘ਆਨ ਲਾਈਨ’ ਹੋਣ ਦੇ ਖਦਸ਼ੇ ਦੀ ਗ੍ਰਿਫ਼ਤ ਵਿੱਚ ਹੈ। ਸਾਰੇ ਵਿਦਿਆਰਥੀਆਂ ਨੂੰ ਹੋਸਟਲ ਨਾ ਮਿਲਣ ਕਾਰਨ ਵਿਦਿਆਰਥੀਆਂ ’ਚ ਰੋਸ ਫੈਲਣ ਲੱਗਾ ਹੈ। ਕਈ ਵਿਦਿਆਰਥਣਾਂ ਹੋਸਟਲ ਨਾ ਮਿਲਣ ਕਾਰਨ ਮਹਿੰਗੇ ਰੇਟਾਂ ’ਤੇ ਕੈਂਪਸ ਤੋਂ ਬਾਹਰ ਪ੍ਰਾਈਵੇਟ ‘ਪੀਜੀ’ਲੈਣ ਲਈ ਮਜਬੂਰ ਹਨ। ਰੋਸ ਵਜੋਂ ਅੱਜ ਵਿਦਿਆਰਥੀ ਜਥੇਬੰਦੀਆਂ ਡੀਐੱਸਓ ਪੰਜਾਬ, ਪੀਆਰਐੱਸਯੂ, ਆਇਰਸਾ ਵੱਲੋਂ ਵੀਸੀ ਦਫ਼ਤਰ ਅੱਗੇ ਰੋਸ ਧਰਨਾ ਦੇ ਕੇ ਹੋਸਟਲ ਮਾਮਲੇ ਦਾ ਜਲਦੀ ਹੱਲ ਕੱਢਣ ’ਤੇ ਜ਼ੋਰ ਦਿੱਤਾ। ਪੰਜਾਬੀ ਯੂਨੀਵਰਸਿਟੀ ਵੱਲੋਂ ਕਲਾਸਾਂ ਆਨ ਲਾਈਨ ਮਗਰੋਂ ਹੁਣ ਆਫ ਲਾਈਨ ‘ਕਲਾਸ ਰੂਮ’ ਲਾਉਣ ਦੀ ਵਿਵਸਥਾ ਭਾਵੇਂ ਕਰ ਦਿੱਤੀ ਹੈ ਪਰ ਹੋੋਸਟਲ ਸਹੂਲਤ ਦੇਣ ਲਈ ਹੱਥ ਘੁੱਟਿਆ ਜਾ ਰਿਹਾ ਹੈ। ਕੋਵਿੱਡ-19 ਦੀਆਂ ਹਦਾਇਤਾਂ ਕਾਰਨ ਕਰੋਨਾ ਦੇ ਡਰੋਂ ਫਿਲਹਾਲ ਵਿਦਿਆਰਥੀਆਂ ਨੂੰ ਪੂਰੀ ਸਮੱਰਥਾ ’ਚ ਕਮਰਿਆਂ ਦੀ ਅਲਾਟਮੈਂਟ ਨਹੀਂ ਕੀਤੀ ਜਾ ਰਹੀ। ਵੱਡੀ ਗਿਣਤੀ ਵਿਦਿਆਰਥੀ ਖਾਸ ਕਰਕੇ ਵਿਦਿਆਰਥਣਾਂ ਨੂੰ ਹੋਸਟਲ ਦੀ ਬਜਾਏ ਮਹਿੰਗੇ ਰੇਟ ’ਤੇ ਪੀਜੀ ’ਚ ਠਹਿਰਣਾ ਪੈ ਰਿਹਾ ਹੈ। ਵਿਦਿਆਰਥਣ ਆਗੂ ਸੰਦੀਪ ਕੌਰ ਨੇ ਦੱਸਿਆ ਕਿ ਹੋਸਟਲ ਸਬੰਧੀ ਵਿਧੀਬੱਧ ਨੋਟਿਸ ਜਾਰੀ ਨਾ ਕਰਨ ਕਾਰਨ ਵਿਦਿਆਰਥਣਾਂ ਪ੍ਰੇਸਾਨੀ ’ਚ ਹਨ। ਵੱਡੀ ਗਿਣਤੀ ਵਿਦਿਆਰਥਣਾਂ ਘਰੋਂ ਹੋਸਟਲ ’ਚ ਰਹਿਣ ਦਾ ਸਾਮਾਨ ਲੈ ਆਈਆਂ ਹਨ, ਪਰ ਹੋਸਟਲ ’ਚ ਰਹਿਣ ਤੋਂ ਹਾਲੇ ਲਿਖਤੀ ਨੋਟਿਸ ਨਹੀਂ ਮਿਲ ਰਹੇ। ਉਨ੍ਹਾਂ ਦੱਸਿਆ ਕਿ ਖਾਸ ਕਰਕੇ ਫਾਈਨਲ ਤੋਂ ਹੇਠਲੀਆਂ ਕਲਾਸਾਂ ਦੀਆਂ ਵਿਦਿਆਰਥਣਾਂ ਡਾਢੀ ਬਿਪਤਾ ’ਚ ਹਨ। ਇਸ ਮਾਮਲੇ ਨੂੰ ਲੈ ਕੇ ਵਿਦਿਆਰਥੀ ਜਥੇਬੰਦੀਆਂ ਵੱਲੋਂ ਵੀਸੀ ਦਫ਼ਤਰ ਅੱਗੇ ਰੋਸ ਧਰਨਾ ਦੇ ਕੇ ਮੰਗ ਕੀਤੀ ਕਿ ਯੂਨੀਵਰਸਿਟੀ ਪ੍ਰਸ਼ਾਸਨ ਹੋਸਟਲ ਖੋਲਣ ਸਬੰਧੀ ਜਿਥੇ ਜ਼ਿੰਮੇਵਾਰੀ ਚੁੱਕੇ ਉਥੇ ਸਾਰੇ ਵਿਦਿਆਰਥੀਆਂ ਦੀ ਠਹਿਰ ਦਾ ਪ੍ਰਬੰਧ ਕੀਤਾ ਜਾਵੇ। ਜਥੇਬੰਦੀਆਂ ਨੇ ਚਿਤਾਵਨੀ ਦਿੱਤੀ ਕਿ ਜੇ ਮਸਲਾ ਹੱਲ ਨਾ ਕੀਤਾ ਤਾਂ ਸੰਘਰਸ਼ ’ਚ ਤੇਜੀ ਲਿਆਂਦੀ ਜਾਵੇਗੀ। ਉਧਰ, ਡੀਨ ਸਟੂਡੈਂਟਸ ਵੈਲਫੇਅਰ ‘ਲੜਕੀਆਂ’ ਡਾ. ਪਰਮਜੀਤ ਕੌਰ ਗਿੱਲ ਨੇ ਦੱਸਿਆ ਕਿ ਕੋਵਿਡ-19 ਤਹਿਤ ਜਿਥੇ ਯੂਜੀਸੀ ਦੇ ਨਾਰਮਜ਼ ਅਪਣਾਏ ਜਾ ਰਹੇ ਹਨ ਉਥੇ ਹੋਸਟਲ ਵਿਵਸਥਾ ਨੂੰ ਪੜਾਅਵਾਰ ਖੋਲ੍ਹਿਆ ਜਾ ਰਿਹਾ ਹੈ। ਇਹ ਵੀ ਪਤਾ ਲੱਗਿਆ ਹੈ ਕਿ ਕਈ ਵਿਭਾਗਾਂ ਵੱਲੋਂ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਇਹ ਵੀ ਰਾਏ ਦਿੱਤੀ ਜਾ ਰਹੀ ਹੈ ਕਿ ਕੋਵਿੱਡ-19 ਕਾਰਨ ਕਲਾਸਾਂ ਦੀ ਵਿਵਸਥਾ ਪਹਿਲਾਂ ਵਾਂਗ ਆਨਲਾਈਨ ਕਰ ਦਿੱਤੀ ਜਾਵੇ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All