ਰਵੇਲ ਸਿੰਘ ਭਿੰਡਰ
ਪਟਿਆਲਾ, 9 ਜੁਲਾਈ
ਪੰਜਾਬੀ ਯੂਨੀਵਰਸਿਟੀ ਵਾਈਸ ਚਾਂਸਲਰ ਦਫ਼ਤਰ ਅੱਗੇ ਅੱਜ ਵਿਦਿਆਰਥੀ ਜਥੇਬੰਦੀਆਂ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ, ਡੈਮੋਰਕ੍ਰੇਟਿਕ ਸਟੂਡੈਂਟਸ ਆਰਗੇਨਾਈਜੇਸ਼ਨ ਤੇ ਏਆਈਆਰਐਸਏ ਦੀ ਅਗਵਾਈ ਹੇਠ ਅਣਮਿਥੇ ਸਮੇਂ ਦਾ ਰੋਸ ਧਰਨਾ ਆਰੰਭ ਦਿੱਤਾ ਗਿਆ। ਵਿਦਿਆਰਥੀ ਜਥੇਬੰਦੀਆਂ ਦਾ ਸ਼ਿਕਵਾ ਸੀ ਕਿ ਯੂਨੀਵਰਸਿਟੀ ਅਥਾਰਟੀ ਵਿਦਿਆਰਥੀਆਂ ਦੀਆਂ ਭਖਵੀਆਂ ਮੰਗਾਂ ਨੂੰ ਮੰਨਣਾਂ ਤਾਂ ਦੂਰ ਹਾਲੇ ਤੱਕ ਉਚਿਤਤਾ ਨਾਲ ਵਿਚਾਰ ਵੀ ਨਹੀਂ ਸਕੀ, ਲਿਹਾਜ਼ਾ ਮਜ਼ਬੂਰ ਹੋ ਕੇ ਵਿਦਿਆਰਥੀਆਂ ਨੂੰ ਅਣਮਿਥੇ ਸਮੇਂ ਦੇ ਰੋਸ ਧਰਨੇ ’ਚ ਡਟਣ ਲਈ ਮਜਬੂਰ ਹੋਣਾ ਪਿਆ ਹੈ। ਹੁੰਮਸ ਤੇ ਤੇਜ਼ ਗਰਮੀ ਦੇ ਮੌਸਮ ਦੌਰਾਨ ਵੀ ਅਣਮਿਥੇ ਸਮੇਂ ਦੇ ਰੋਸ ਧਰਨੇ ‘ਤੇ ਡਟੇ ਆਗੂ ਵਿਦਿਆਰਥੀਆਂ ਦੱਸਿਆ ਕਿ ਪਿਛਲੇ ਦਿਨੀਂ ਡੀਨ ਅਕਾਦਮਿਕ ਮਾਮਲੇ ਨੂੰ ਸੰਘਰਸ਼ ਦੀਆਂ ਸੱਤ ਮੰਗਾਂ ਦਾ ਮੰਗ ਪੱਤਰ ਸੌਂਪਿਆ ਗਿਆ ਸੀ। ਜਿਸ ’ਚ ਜਥੇਬੰਦੀਆਂ ਨੇ ਯੂਨੀਵਰਸਿਟੀ ਅਥਾਰਟੀ ਨੂੰ ਦੋ ਦਿਨ ਦਾ ਅਲਟੀਮੇਟਮ ਦਿੱਤਾ ਗਿਆ ਸੀ ਕਿ ਵਿਦਿਆਰਥੀ ਮੰਗਾਂ ਤੇ ਮਸਲਿਆਂ ’ਤੇ ਵਿਚਾਰ ਕਰਕੇ ਫੈਸਲਾ ਕੀਤਾ ਜਾਵੇ। ਜਦੋਂਕਿ ਅਜਿਹੀਆਂ ਮੰਗਾਂ ਬਾਬਤ ਪਿਛਲੇ ਇੱਕ ਮਹੀਨੇ ਤੋਂ ਵੀ ਅਥਾਰਟੀ ਨੂੰ ਮੰਗ ਪੱਤਰਾਂ ਜਰੀਏ ਆਗਾਹ ਕੀਤਾ ਜਾ ਰਿਹਾ ਸੀ ਪਰ ਯੂਨੀਵਰਸਿਟੀ ਪ੍ਰਸ਼ਾਸਨ ਨੇ ਵਿਦਿਆਰਥੀਆਂ ਦੀ ਕੋਈ ਗੱਲ ਨਹੀਂ ਸੁਣੀ। ਜਦੋਂਕਿ ਅੱਜ ਵੀ ਵਿਦਿਆਰਥੀ ਮੰਗਾ ਜਿਹਨਾਂ ‘ਚ ਯੂਨੀਵਰਸਿਟੀ ਨੂੰ ਕਰੋਨਾ ਮਾਹੌਲ ਦੌਰਾਨ ਫੀਸ ਭਰਵਾਉਣ ਦੇ ਫੈਸਲੇ ਨੂੰ ਵਾਪਸ ਲੈਣ, ਇੱਕ ਸਾਲ ਦੀ ਫੀਸ ਮੁਆਫ਼ ਕਰਨ ਤੇ ਖੋਜ ਕਾਰਜ ਸ਼ੁਰੂ ਕਰਵਾਉਣ ਸਮੇਤ ਸੱਤ ਮੰਗਾਂ ਸ਼ਾਮਲ ਸਨ, ਬਾਰੇ ਜਦੋਂ ਅਥਾਰਟੀ ਨਾਲ ਗੱਲ ਕੀਤੀ ਤਾਂ ਅੱਜ ਵੀ ਕੋਈ ਉਚਿਤ ਜਵਾਬ ਨਾ ਮਿਲਣ ਦੇ ਰੋਸ ਵਜੋਂ ਆਖ਼ਿਰ ਅੱਕੇ ਵਿਦਿਆਰਥੀਆਂ ਨੇ ਤੁਰੰਤ ਪੱਧਰ ’ਤੇ ਵਾਈਸ ਚਾਂਸਲਰ ਦਫ਼ਤਰ ਅੱਗੇ ਅਣਮਿਥੇ ਸਮੇਂ ਦਾ ਰੋਸ ਧਰਨਾ ਵਿੱਢਣ ਲਈ ਮਜਬੂਰ ਹੋਣਾ ਪਿਆ। ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਰਸ਼ਪਿੰਦਰ ਸਿੰਘ ਜਿੰਮੀ ਨੇ ਦੱਸਿਆ ਕਿ ਵਿਦਿਆਰਥੀ ਧਿਰਾਂ ਨੇ ਫੈਸਲਾ ਕੀਤਾ ਹੈ ਕਿ ਜਦੋਂ ਤੱਕ ਯੂਨੀਵਰਸਿਟੀ ਅਥਾਰਟੀ ਮੰਗ ਪੱਤਰ ਦੇ ਆਧਾਰਤ ਮੰਗਾਂ ਮੰਨਣ ਦਾ ਭਰੋਸਾ ਨਹੀ ਦਿੰਦੀ ਉਦੋਂ ਤੱਕ ਅਣਮਿਥੇ ਸਮੇਂ ਦਾ ਰੋਸ ਧਰਨਾ ਜਾਰੀ ਰੱਖਿਆ ਜਾਵੇਗਾ। ਸਖ਼ਤ ਗਰਮੀ ਦੇ ਬਾਵਜੂਦ ਦਿੱਤੇ ਜਾ ਰਹੇ ਇਸ ਰੋਸ ਧਰਨੇ ’ਚ ਵਿਦਿਆਰਥਣਾਂ ਵੀ ਗਰਮਜੋਸ਼ੀ ਨਾਲ ਹਿੱਸਾ ਲੈ ਰਹੀਆਂ ਹਨ।