ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 20 ਸਤੰਬਰ
ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਰਾਜ ਦੇ ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੀ ਕਾਰਗੁਜ਼ਾਰੀ ਦੇ ਮੁਲਾਂਕਣ ਲਈ ਕਰਵਾਏ ਜਾ ਰਹੇ ਪੰਜਾਬ ਪ੍ਰਾਪਤੀ ਸਰਵੇਖਣ ਤਹਿਤ ਪਹਿਲੀ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦੇ ਟੈਸਟ ਭਲਕੇ 21 ਸਤੰਬਰ ਤੋਂ ਸ਼ੁਰੂ ਹੋ ਰਹੇ ਹਨ।
ਭਲਕੇ ਹੋਣ ਵਾਲੇ ਟੈਸਟਾਂ ਤਹਿਤ 12ਵੀਂ ਜਮਾਤ ਦਾ ਅੰਗਰੇਜ਼ੀ ਲਾਜ਼ਮੀ, 11ਵੀਂ ਦਾ ਪੰਜਾਬੀ ਲਾਜ਼ਮੀ, 10ਵੀਂ ਦਾ ਅੰਗਰੇਜ਼ੀ, 9ਵੀਂ ਦਾ ਸਮਾਜਿਕ ਸਿੱਖਿਆ, ਅੱਠਵੀਂ ਦਾ ਪੰਜਾਬੀ, ਸੱਤਵੀਂ ਦਾ ਵਿਗਿਆਨ ਅਤੇ ਛੇਵੀਂ ਦਾ ਗਣਿਤ ਵਿਸ਼ੇ ਦਾ ਆਨਲਾਈਨ ਪੇਪਰ ਹੋਵੇਗਾ। ਇਸ ਦੇ ਨਾਲ ਹੀ ਪ੍ਰਾਇਮਰੀ ਵਰਗ ਵਿੱਚ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਸਾਰੀਆਂ ਜਮਾਤਾਂ ਦਾ ਪੰਜਾਬੀ ਵਿਸ਼ੇ ਦਾ ਪੇਪਰ ਹੋਵੇਗਾ। ਪਹਿਲੀ ਜਮਾਤ ਲਈ 10 ਪ੍ਰਸ਼ਨਾਂ ਵਾਲ ਟੈਸਟ 20 ਅੰਕਾਂ ਦਾ ਟੈਸਟ, ਦੂਸਰੀ ਤੋਂ ਪੰਜਵੀਂ ਤੱਕ 15 ਪ੍ਰਸ਼ਨਾਂ ਵਾਲਾ ਟੈਸਟ 30 ਅੰਕਾਂ, ਛੇਵੀਂ ਤੋਂ 12ਵੀਂ ਜਮਾਤ ਤੱਕ 20 ਪ੍ਰਸ਼ਨਾਂ ਵਾਲਾ 40 ਅੰਕਾਂ ਦਾ ਪੇਪਰ ਹੋਵੇਗਾ। ਹਰੇਕ ਜਮਾਤ ਦੇ ਹਰੇਕ ਪ੍ਰਸ਼ਨ ਦੇ ਦੋ ਅੰਕ ਹੋਣਗੇ। ਜ਼ਿਲ੍ਹਾ ਸਿੱਖਿਆ ਅਫਸਰ (ਸੈ.) ਹਰਿੰਦਰ ਕੌਰ ਤੇ ਜ਼ਿਲ੍ਹਾ ਸਿੱਖਿਆ ਅਫਸਰ (ਐਲੀ) ਇੰਜੀ. ਅਮਰਜੀਤ ਸਿੰਘ ਨੇ ਦੱਸਿਆ ਕਿ ਭਲਕੇ ਤੋਂ ਸ਼ੁਰੂ ਹੋਣ ਵਾਲੀ ਟੈਸਟਾਂ ਤਹਿਤ ਵੱਖ-ਵੱਖ ਜਮਾਤਾਂ ਲਈ ਵੱਖ-ਵੱਖ ਵਿਸ਼ਿਆਂ ਦੇ ਟੈਸਟਾਂ ਲਈ ਮੁਲਾਂਕਣ ਪੱਤਰ ਆਨਲਈਨ ਭੇਜਿਆ ਜਾਵੇਗਾ। ਵਿਭਾਗ ਵੱਲੋਂ ਹਰੇਕ ਬੱਚੇ ਨੂੰ ਆਈ ਡੀ ਜਾਰੀ ਕੀਤੀ ਗਈ ਹੈ।
ਮਾਪੇ-ਅਧਿਆਪਕ ਮਿਲਣੀਆਂ ਨੂੰ ਚੰਗਾ ਹੁੰਗਾਰਾ
ਪਟਿਆਲਾ(ਨਿੱਜੀ ਪੱਤਰ ਪ੍ਰੇਰਕ): ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ’ਚ ਰਾਜ ਭਰ ਦੇ ਸਕੂਲਾਂ ’ਚ 14 ਸਤੰਬਰ ਤੋਂ ਸ਼ੁਰੂ ਹੋਏ ਆਨਲਾਈਨ ਮਾਪੇ-ਅਧਿਆਪਕ ਮਿਲਣੀ ਹਫ਼ਤੇ ਤਹਿਤ ਪਟਿਆਲਾ ਜ਼ਿਲ੍ਹੇ ’ਚ ਮਿਲਣੀਆਂ ਨੂੰ ਮਾਪਿਆਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ। ਇਸ ਸਦਕਾ ਵਿਭਾਗ ਦੇ ਅਧਿਆਪਕਾਂ ’ਚ ਨਵਾਂ ਜੋਸ਼ ਆ ਗਿਆ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.) ਹਰਿੰਦਰ ਕੌਰ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.) ਇੰਜ. ਅਮਰਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਮਿਲਣੀਆਂ ਦੌਰਾਨ ਇਹ ਗੱਲ ਉਭਰ ਕੇ ਸਾਹਮਣੇ ਆਈ ਕਿ ਕਰੋਨਾ ਸੰਕਟ ਦੌਰਾਨ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਦਿੱਤੀ ਗਈ ਆਨਲਾਈਨ ਸਿੱਖਿਆ ਨੇ ਮਾਪਿਆਂ ਦੇ ਦਿਲਾਂ ’ਚ ਸਰਕਾਰੀ ਸਕੂਲ ਅਧਿਆਪਕਾਂ ਪ੍ਰਤੀ ਵਿਸ਼ਵਾਸ ਵਧਾਇਆ ਹੈ।