ਜੁਲਾਈ ਅੱਧ ਤੱਕ ਤਿੰਨ ਹਜ਼ਾਰ ਪਿੰਡਾਂ ’ਚ ਸਟੇਡੀਅਮ ਤਿਆਰ ਹੋਣਗੇ: ਮਾਨ
ਮੁੱਖ ਮੰਤਰੀ ਨੇ 12.5 ਕਰੋੜ ਦੀ ਲਾਗਤ ਨਾਲ ਪਿੰਡ ਫਤਿਹ ਮਾਜਰੀ ਵਿੱਚ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ
ਸਮਾਣਾ ਨੇੜੇ ਪਿੰਡ ਫਤਿਹ ਮਾਜਰੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨੌ ਏਕੜ ਜ਼ਮੀਨ ਵਿੱਚ 12.50 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਅਤਿ-ਆਧੁਨਿਕ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਉਨ੍ਹਾਂ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਵੀ ਹਾਜ਼ਰ ਸਨ।
ਭਗਵੰਤ ਸਿੰਘ ਮਾਨ ਨੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ 15 ਜੁਲਾਈ ਤੱਕ ਸੂਬੇ ਦੇ ਤਿੰਨ ਹਜ਼ਾਰ ਪਿੰਡਾਂ ਵਿੱਚ ਖੇਡ ਸਟੇਡੀਅਮ ਬਣ ਕੇ ਤਿਆਰ ਹੋ ਜਾਣਗੇ। ਇਨ੍ਹਾਂ ਸਟੇਡੀਅਮਾਂ ਵਿੱਚ ਬੱਚਿਆਂ ਦੀ ਸਿਖਲਾਈ ਲਈ ਕੋਚ ਸਣੇ ਹਰ ਤਰ੍ਹਾਂ ਦੀਆਂ ਸਹੂਲਤਾਂ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾਣਗੀਆਂ। ਉਨ੍ਹਾਂ ਪਟਿਆਲਾ-ਪਾਤੜਾਂ ਸੜਕ ਨੂੰ ਬੰਦੇ ਮਾਰੂ ਸੜਕ ਕਰਾਰ ਦਿੰਦਿਆਂ ਐਲਾਨ ਕੀਤਾ ਕਿ ਇਹ ਸੜਕ ਨੂੰ ਫੋਰ ਲਾਈਨ ਬਣਾ ਕੇ ਜਲਦੀ ਜੰਮੂ-ਕਟੜਾ ਐਕਸਪ੍ਰੈੱਸਵੇਅ ਨਾਲ ਜੋੜ ਦਿੱਤਾ ਜਾਵੇਗਾ। ਭਗਵੰਤ ਸਿੰਘ ਮਾਨ ਨੇ ਬਾਦਲ ਪਰਿਵਾਰ ਦਾ ਘਿਰਾਓ ਕਰਦਿਆਂ ਕਿਹਾ ਕਿ ਬਾਦਲ ਪਰਿਵਾਰ ਖ਼ੁਦ ਨੂੰ ਸਿੱਖ ਪੰਥ ਸਮਝਦਾ ਹੈ ਪਰ ਪੰਜਾਬ ਦੇ ਲੋਕ ਹੁਣ ਸਭ ਕੁਝ ਸਮਝ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਰੇਗਿਸਥਾਨ ਹੋਣ ਤੋਂ ਬਚਾਉਣ ਲਈ ਖੇਤਾਂ ਵਿੱਚ ਨਹਿਰੀ ਪਾਣੀ ਲਈ 14 ਹਜ਼ਾਰ ਕਿਲੋਮੀਟਰ ਪਾਈਪ ਲਾਈਨਾਂ ਵਿਛਾ ਦਿੱਤੀਆਂ ਹਨ ਅਤੇ 7 ਹਜ਼ਾਰ ਕਿਲੋਮੀਟਰ ਪਾਈਪ ਲਾਈਨ ਵਿਛਾਉਣ ਦਾ ਕੰਮ ਜਾਰੀ ਹੈ, ਜਿਸ ਨਾਲ ਸੂਬੇ ਦੇ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚ ਜਾਵੇਗਾ। ਭਗਵੰਤ ਮਾਨ ਨੇ ਸੂਬੇ ਦੇ ਸਾਰੇ ਸਰਪੰਚਾਂ ਨੂੰ 10 ਹਜ਼ਾਰ ਰੁਪਏ ਤਨਖਾਹ ਪ੍ਰਤੀ ਮਹੀਨਾ 15 ਅਗਸਤ ਤੋਂ ਦੇਣ ਦਾ ਐਲਾਨ ਕੀਤਾ। ਇਸ ਮੌਕੇ ਹਲਕਾ ਵਿਧਾਇਕ ਚੇਤਨ ਸਿੰਘ ਜੋੜਾ ਮਾਜਰਾ ਅਤੇ ਸਾਥੀਆਂ ਦਾ ਗ਼ੈਰਹਾਜ਼ਰ ਰਹਿਣਾ ਲੋਕਾਂ ’ਚ ਚਰਚਾ ਦਾ ਵਿਸ਼ਾ ਬਣਿਆ ਰਿਹਾ। ਇਸ ਦੌਰਾਨ ਜਿੱਥੇ ਪਾਰਟੀ ਵਿੱਚ ਕੁੱਝ ਦਿਨ ਪਹਿਲਾ ਸ਼ਾਮਲ ਹੋਇਆ ਸੁਰਜੀਤ ਸਿੰਘ ਰੱਖੜਾ ਧੜਾ ਹੀ ਅੱਗੇ ਰਹੇ, ਜਦੋਂਕਿ ਹਲਕੇ ਦੇ ਵਿਧਾਇਕ ਜੌੜਾਮਾਜਰਾ ਕਿਤੇ ਵੀ ਦਿਖਾਈ ਨਾ ਦਿੱਤੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਆਦਮ ਮੌਕੇ ਕਿਸੇ ਤਰ੍ਹਾਂ ਦੇ ਵਿਰੋਧ ਦੇ ਡਰੋਂ ਪੁਲੀਸ ਨੇ ਹਲਕੇ ਦੇ ਅਕਾਲੀ ਆਗੂ ਹਰਮੀਤ ਸਿੰਘ ਹਰਿਆਊ ਨੂੰ ਉਨ੍ਹਾਂ ਦੇ ਦਫ਼ਤਰ ਵਿੱਚ ਨਜ਼ਰਬੰਦ ਕਰ ਦਿੱਤਾ ਸੀ।
ਇਸ ਮੌਕੇ ਤੇਜਿੰਦਰ ਮਹਿਤਾ, ਜਸਪਾਲ ਸਿੰਘ ਕਲਿਆਣ, ਗੁਲਜਾਰ ਸਿੰਘ ਵਿਰਕ, ਜੱਸੀ ਸੋਹੀਆ ਵਾਲਾ, ਚਰਨਜੀਤ ਸਿੰਘ ਰੱਖੜਾ, ਨਗਰ ਕੌਂਸਲ ਪ੍ਰਧਾਨ ਕਪੂਰ ਚੰਦ ਬਾਂਸਲ, ਸਰਪੰਚ ਗੁਰਮੁਖ ਸਿੰਘ, ਸੁਰਜੀਤ ਸਿੰਘ ਫੌਜੀ, ਹੁਸਨ ਲਾਲ, ਕੌਂਸਲਰ ਮਨਜਿੰਦਰ ਸਿੰਘ ਰਾਣਾ ਸੇਖੋਂ ਅਤੇ ਸੁਰਜੀਤ ਰਾਮ ਪੱਪੀ ਹਾਜ਼ਰ ਸਨ।
