ਸਰਬਜੀਤ ਸਿੰਘ ਭੰਗੂ
ਪਟਿਆਲਾ, 29 ਨਵੰਬਰ
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਲਈ ਸਰਕਾਰੀ ਦਫ਼ਤਰਾਂ ਵਿਚਲਾ ਕੰਮਕਾਜ ਅਤੇ ਸੂਚਨਾ ਬੋਰਡ ਆਦਿ ਪੰਜਾਬੀ ਭਾਸ਼ਾ ‘ਚ ਯਕੀਨੀ ਬਣਾਉਣ ਦੇ ਜਾਰੀ ਕੀਤੇ ਗਏ ਆਦੇਸ਼ਾਂ ਦੇ ਚੱਲਦਿਆਂ, ਅਜਿਹੀ ਮੁਹਿੰਮ ਦਾ ਹਿੱਸਾ ਬਣਨ ‘ਚ ਪਟਿਆਲਾ ਪੁਲੀਸ ਨੇ ਵੀ ਪਹਿਲਕਦਮੀ ਕੀਤੀ ਹੈ। ਇਸ ਦਾ ਆਗਾਜ਼ ਪਟਿਆਲਾ ਦੇ ਐੱਸਐੱਸਪੀ ਵਰੁਣ ਸ਼ਰਮਾ ਆਈਪੀਐਸ ਵੱੱਲੋਂ ਖੁਦ ਪੰਜਾਬੀ ਭਾਸ਼ਾ ‘ਚ ਨੇਮ ਪਲੇਟ ਲਾ ਕੇ ਕੀਤਾ ਗਿਆ ਹੈ। ਉਨ੍ਹਾਂ ਦੇ ਰੀਡਰ ਅਵਤਾਰ ਸਿੰਘ ਪੰਜੋਲਾ ਨੇ ਵੀ ਆਪਣੀ ਵਰਦੀ ‘ਤੇ ਨੇਮ ਪਲੇਟ ਪੰਜਾਬੀ ‘ਚ ਲਾ ਲਈ ਹੈ। ਸ਼ਾਇਦ ਕਿਸੇ ਜ਼ਿਲ੍ਹੇ ‘ਚ ਪੁਲੀਸ ਵੱਲੋਂ ਲਿਆ ਗਿਆ ਇਹ ਅਜਿਹਾ ਪਲੇਠਾ ਫੈਸਲਾ ਹੈ।
ਇਸ ਤੋਂ ਇਲਾਵਾ ਜਿਲ੍ਹਾ ਪੁਲੀਸ ਮੁਖੀ ਦੇ ਦਫ਼ਤਰ ਦੇ ਬਾਹਰ ਲੱਗੀ ਨੇਮ ਪਲੇਟ ਵੀ ਪੰਜਾਬੀ ‘ਚ ਕਰ ਦਿੱਤੀ ਗਈ ਹੈ। ਆਪਣੇ ਬੌਸ ਵੱਲੋਂ ਆਰੰਭੀ ਗਈ ਇਸ ਮੁਹਿੰਮ ਦੇ ਚੱਲਦਿਆਂ ਜ਼ਿਲ੍ਹੇ ਦੇ ਬਾਕੀ ਪੁਲੀਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਵੱਲੋਂ ਵੀ ਆਪਣੀਆਂ ਨੇਮ ਪਲੇਟਾਂ ਨੂੰ ਅੰਗਰੇਜ਼ੀ ਤੋਂ ਪੰਜਾਬੀ ‘ਚ ਲਿਖਵਾਇਆ ਜਾਣ ਲੱਗਾ ਹੈ। ਜ਼ਿਲ੍ਹੇ ਭਰ ਵਿਚਲੇ ਦੋ ਦਰਜਨ ਤੋਂ ਵੱਧ ਸਮੂਹ ਥਾਣਿਆਂ ਅਤੇ ਸਾਰੀਆਂ ਹੀ ਪੁਲੀਸ ਚੌਕੀਆਂ ਦੇ ਬਾਹਰ ਵੀ ਨਾਮ ਪੰਜਾਬੀ ‘ਚ ਲਿਖਵਾਏ ਜਾਣਗੇ। ਪੁਲੀਸ ਵਿਭਾਗ ਦੇ ਦਫ਼ਤਰਾਂ ਅਤੇ ਥਾਣਿਆਂ ‘ਚ ਲੋਕਾਂ ਨੂੰ ਜਾਣਕਾਰੀ ਪ੍ਰਦਾਨ ਕਰਨ ਲਈ ਅੰਗਰੇਜ਼ੀ ‘ਚ ਲੱੱਗੇ ਸੂਚਨਾ ਬੋਰਡ ਵੀ ਹੁਣ ਪੰਜਾਬੀ ‘ਚ ਪੜ੍ਹਨ ਨੂੰ ਮਿਲਣਗੇ। ਡੀਐਸਪੀ ਹੈਡਕੁਆਟਰ ਹਰਦੀਪ ਸਿੰਘ ਬਡੂੰਗਰ ਦਾ ਕਹਿਣਾ ਸੀ ਕਿ ਭਾਵੇਂ ਅੰਗਰੇਜ਼ੀ ‘ਚ ਵੀ ਅਜਿਹੀ ਜਾਣਕਾਰੀ ਛਪਵਾਈ ਜਾਵੇਗੀ,ਪਰ ਤਰਜੀਹੀ ਤੌਰ ‘ਤੇ ਅਜਿਹੀਆਂ ਸੂਚਨਾਵਾਂ ਪੰਜਾਬੀ ਭਾਸ਼ਾ ਵਿੱਚ ਛਾਪੀਆਂ ਜਾਣਗੀਆਂ।
ਐਸਐਸਪੀ ਵਰੁਣ ਸ਼ਰਮਾ ਦਾ ਕਹਿਣਾ ਸੀ ਕਿ ਜ਼ਿਲ੍ਹਾ ਪੁਲੀਸ ਵੱਲੋਂ ਅਜਿਹਾ ਫੈਸਲਾ ਮੁੱਖ ਮੰਤਰੀ ਅਤੇ ਡੀਜੀਪੀ ਵੱਲੋਂ ਮਾਂ ਬੋਲੀ ਪੰਜਾਬੀ ਭਾਸ਼ਾ ਨੂੰ ਹੋਰ ਵਧੇਰੇ ਪ੍ਰਫੁੱਲਤ ਕਰਨ ਦੇ ਲਏ ਗਏ ਫੈਸਲੇ ਤਹਿਤ ਲਿਆ ਗਿਆ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਭਾਵੇਂ ਜ਼ਿਲ੍ਹਾ ਪੁਲੀਸ ਵੱਲੋਂ ਪਹਿਲਾਂ ਹੀ ਬਹੁਤਾ ਕੰਮ ਪੰਜਾਬੀ ਭਾਸ਼ਾ ‘ਚ ਕੀਤਾ ਜਾ ਰਿਹਾ ਹੈ, ਪਰ ਹੁਣ ਇਸ ਦਾ ਹੋਰ ਵਧੇਰੇ ਪਸਾਰਾ ਕੀਤਾ ਜਾ ਰਿਹਾ ਹੈ। ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਗੁਰਮੁਖ ਸਿੰਘ ਅਤੇ ਅਧਿਆਪਕ ਡਾ.ਰਾਜਵਿੰਦਰ ਢੀਂਡਸਾ ਨੇ ਪਟਿਆਲਾ ਪੁਲੀਸ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਹੈ। ਯੂਨੀਵਰਸਿਟੀ ਦੇ ਡੀਨ ਭਾਸ਼ਾਵਾਂ ਡਾ. ਰਾਜਿੰਦਰਪਾਲ ਬਰਾੜ ਦਾ ਕਹਿਣਾ ਸੀ ਕਿ ਪੰਜਾਬੀ ਦੇ ਹਿਤ ‘ਚ ਅਜਿਹੀਆਂ ਮੁਹਿੰਮਾਂ ਪਹਿਲਾਂ ਵੀ ਚੱਲਦੀਆਂ ਰਹੀਆਂ ਹਨ,ਪਰ ਇਨ੍ਹਾਂ ਵਿਚੋਂ ਬਹੁਤੀਆਂ ਅਧਵਾਟੇ ਹੀ ਦਮ ਤੋੜ ਜਾਂਦੀਆਂ ਹਨ।