Sports Ground Inaugurated: ਬਿਗੜਵਾਲ ਵਿੱਚ ਖੇਡ ਮੈਦਾਨ ਲੋਕਾਂ ਨੂੰ ਸਮਰਪਿਤ
ਮੰਤਰੀ ਅਮਨ ਅਰੋੜਾ ਨੇ ਉਦਾਘਾਟਨ ਕੀਤਾ; ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋਡ਼ਨ ਦਾ ਉਪਰਾਲਾ
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸਥਾਨਕ ਹਲਕੇ ਦੇ ਪਿੰਡ ਬਿਗੜਵਾਲ ਵਿੱਚ 33.11 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਨਵੇਂ ਖੇਡ ਮੈਦਾਨ ਦਾ ਉਦਘਾਟਨ ਕਰਦਿਆਂ ਇਸ ਨੂੰ ਪਿੰਡ ਵਾਸੀਆਂ ਅਤੇ ਖਿਡਾਰੀਆਂ ਨੂੰ ਸਮਰਪਿਤ ਕੀਤਾ। ਇਹ ਖੇਡ ਮੈਦਾਨ ਸਰਕਾਰ ਵੱਲੋਂ ਪਿੰਡ ਪੱਧਰ ’ਤੇ ਖੇਡ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੀ ਦਿਸ਼ਾ ਵਿੱਚ ਇੱਕ ਹੋਰ ਅਹਿਮ ਕਦਮ ਹੈ। ਸ੍ਰੀ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਪਿੰਡਾਂ ਵਿੱਚ ਆਧੁਨਿਕ ਖੇਡ ਸਹੂਲਤਾਂ ਮੁਹੱਈਆ ਕਰਵਾਉਣ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਪਿੰਡ ਬਿਗੜਵਾਲ ਵਿੱਚ ਤਿਆਰ ਕੀਤਾ ਗਿਆ ਇਹ ਖੇਡ ਮੈਦਾਨ ਸਥਾਨਕ ਨੌਜਵਾਨਾਂ ਲਈ ਖੇਡਾਂ ਦੀ ਤਿਆਰੀ ਕਰਨ ਅਤੇ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਇੱਕ ਮਹੱਤਵਪੂਰਨ ਸਹੂਲਤ ਸਾਬਤ ਹੋਵੇਗਾ। ਉਨ੍ਹਾਂ ਪਿੰਡ ਵਾਸੀਆਂ ਅਤੇ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਖੇਡ ਮੈਦਾਨ ਦਾ ਵੱਧ ਤੋਂ ਵੱਧ ਲਾਭ ਲੈਣ ਅਤੇ ਇਸ ਦੀ ਸਾਂਭ-ਸੰਭਾਲ ਵਿੱਚ ਆਪਣਾ ਯੋਗਦਾਨ ਪਾਉਣ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਪਤਵੰਤੇ, ਵੱਖ-ਵੱਖ ਅਹੁਦੇਦਾਰ ਅਤੇ ਵੱਡੀ ਗਿਣਤੀ ਪਿੰਡ ਵਾਸੀ ਤੇ ਖਿਡਾਰੀ ਹਾਜ਼ਰ ਸਨ। ਇਸ ਮੌਕੇ ਪਿੰਡ ਵਾਸੀਆਂ ਨੇ ਅਮਨ ਅਰੋੜਾ ਧੰਨਵਾਦ ਕੀਤਾ।

