ਖੇਤਰੀ ਪ੍ਰਤੀਨਿਧ
ਪਟਿਆਲਾ, 21 ਸਤੰਬਰ
ਮੁੱਖ ਮੰਤਰੀ ਭਗਵੰੰਤ ਮਾਨ ਦੀ ਅੱਜ ਪਟਿਆਲਾ ਜ਼ਿਲ੍ਹੇ ਦੀ ਫੇਰੀ ਦੌਰਾਨ ਉੱਘੇ ਸਮਾਜ ਸੇਵੀ ਦਲਬੀਰ ਸਿੰਘ ਯੂਕੇ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਹੜ੍ਹਾਂ ਨਾਲ ਨੁਕਸਾਨੀਆਂ ਸੜਕਾਂ ਦਾ ਮਾਮਲਾ ਵੀ ਧਿਆਨ ’ਚ ਲਿਆਂਦਾ। ਉਨ੍ਹਾਂ ਵੱਲੋਂ ਮਾਮਲਾ ਧਿਆਨ ’ਚ ਲਿਆਉਣ ’ਤੇ ਮੁੱਖ ਮੰਤਰੀ ਨੇ ਲੋਕਾਂ ਦੇ ਕੁਝ ਸਾਂਝੇ ਕੰਮ ਯਕੀਨੀ ਬਣਾਉਣ ਲਈ ਮੌਕੇ ’ਤੇ ਮੌਜੂਦ ਡਿਪਟੀ ਕਮਿਸ਼ਨਰ ਨੂੰ ਹਦਾਇਤ ਕੀਤੀ। ਦਲਬੀਰ ਯੂਕੇ ਦਾ ਕਹਿਣਾ ਸੀ ਕਿ ਸਰਕਾਰ ਦੀ ਪ੍ਰੇਰਨਾ ਸਦਕਾ ਨੌਜਵਾਨਾਂ ਵਿੱਚ ਵਧਦੀ ਜਾ ਰਹੀ ਖੇਡਾਂ ਦੀ ਰੁਚੀ ਤਹਿਤ ਆਪਣੇ ਇਲਾਕੇ ਵਿੱਚ ਕੁਝ ਥਾਈਂ ਖੇਡ ਕਿੱਟਾਂ ਦਾ ਪ੍ਰਬੰਧ ਤਾਂ ਉਹ ਆਪਣੇ ਪੱਧਰ ’ਤੇ ਹੀ ਕਰ ਦੇਣਗੇ, ਪਰ ਪਿੰਡਾਂ ’ਚ ਸਟੇਡੀਅਮ ਬਣਾਉਣ ਸਮੇਤ ਕੁਝ ਹੋਰ ਲੋੜਾਂ ਸਰਕਾਰ ਪੱਧਰ ’ਤੇ ਹੀ ਪੂਰੀਆਂ ਕੀਤੀਆਂ ਜਾ ਸਕਦੀਆਂ ਹਨ। ਅਜਿਹੀ ਵਿਚਾਰ-ਚਰਚਾ ਲਈ ਮੁੱਖ ਮੰਤਰੀ ਨੇ ਦਲਬੀਰ ਨੂੰ ਚੰਡੀਗੜ੍ਹ ਆਉਣ ਲਈ ਆਖਿਆ।
ਮੁੱਖ ਮੰਤਰੀ ਦਾ ਕਹਿਣਾ ਸੀ ਕਿ ਨੌਜਵਾਨ ਵਰਗ ਨੂੰ ਨਸ਼ਿਆਂ ਵਾਲੇ ਪਾਸਿਓਂ ਹਟਾਉਣ ਲਈ ਖੇਡਾਂ ਸਭ ਤੋਂ ਵਧੀਆ ਸਾਧਨ ਹਨ ਅਤੇ ਸਰਕਾਰ ਖੇਡਾਂ ਖਾਤਰ ਲੋੜਾਂ ਦੀ ਪੂਰਤੀ ਯਕੀਨੀ ਬਣਾਉਣ ਲਈ ਵਚਨਬੱਧ ਹੈ। ਮੁੱਖ ਮੰਤਰੀ ਨੇ ਨਸ਼ਿਆਂ ਖ਼ਿਲਾਫ਼ ਡੱਟੀ ਪਟਿਆਲਾ ਪੁਲੀਸ ਦੀ ਸ਼ਲਾਘਾ ਕੀਤੀ। ਕਈ ਸਾਲਾਂ ਤੋਂ ਵਿਦੇਸ਼ ’ਚ ਰਹਿ ਦਲਬੀਰ ਯੂਕੇ ਕਬੱਡੀ ਟੂਰਨਾਮੈਂਟ ਦੀਆਂ ਮੋਹਰੀ ਟੀਮਾਂ ਨੂੰ ਇਨਾਮ ਵਜੋਂ ਕੰਬਾਈਨਾਂ ਦੇਣ ਲਈ ਮਸ਼ਹੂਰ ਹਨ। ਉਹ ਲੋੜਵੰਦਾਂ ਦੀ ਮਦਦ ਕਰਦੇ ਰਹਿੰਦੇ ਹਨ।