ਫ਼ੌਜੀ ਨੂੰ 35 ਸਾਲਾਂ ਮਗਰੋਂ ਸ਼ਹੀਦ ਦਾ ਦਰਜਾ ਮਿਲਿਆ
ਪਿੰਡ ਬੋਮਦੀਰ ਨਾਲਾ ’ਚ ਜਵਾਨ ਦੀ ਯਾਦ ’ਚ ਅਖੰਡ ਪਾਠ; ਫ਼ੌਜ ਵੱਲੋਂ ਪਰਿਵਾਰ ਦਾ ਸਨਮਾਨ
ਪਿੰਡ ਖੇੜਾ ਗੱਜੂ ਦੇ ਵਸਨੀਕ ਫ਼ੌਜੀ ਹਰਮੇਸ਼ ਸਿੰਘ ਨੂੰ 35 ਸਾਲਾਂ ਬਾਅਦ ਭਾਰਤੀ ਫੌਜ ਵੱਲੋਂ ਸ਼ਹੀਦ ਦਾ ਦਰਜਾ ਦੇ ਦਿੱਤਾ ਗਿਆ ਹੈ। ਨੰਬਰ 4457252X ਹਰਮੇਸ਼ ਸਿੰਘ 3 ਮਈ 1991 ਨੂੰ ਉਸ ਵੇਲੇ ਲਾਪਤਾ ਹੋ ਗਏ ਸਨ ਜਦੋਂ ਉਨ੍ਹਾਂ ਦੀ ਬਟਾਲੀਅਨ 77 ਪਹਾੜੀ ਬ੍ਰਿਗੇਡ, 5 ਪਹਾੜੀ ਡਿਵੀਜ਼ਨ ਦੇ ਅਧੀਨ ਬੋਮਦੀਰ ਨਾਲਾ ਕੰਪਲੈਕਸ ਵਿੱਚ ਤਾਇਨਾਤ ਸੀ। ਇਸ ਦੌਰਾਨ ਆਏ ਹੜ੍ਹ ਵਿੱਚ 18 ਜਵਾਨ ਲਾਪਤਾ ਹੋ ਗਏ ਸਨ, ਜਿਨ੍ਹਾਂ ਵਿੱਚ ਹਰਮੇਸ਼ ਸਿੰਘ ਵੀ ਸ਼ਾਮਲ ਸਨ। ਪਰਿਵਾਰ ਨੂੰ ਲੰਮੇ ਸਮੇਂ ਤੱਕ ਉਨ੍ਹਾਂ ਦੀ ਕੋਈ ਖਬਰ ਨਹੀਂ ਮਿਲੀ, ਪਰ ਆਖ਼ਰਕਾਰ ਫ਼ੌਜ ਨੇ 11 ਅਪਰੈਲ 2025 ਨੂੰ ਉਨ੍ਹਾਂ ਨੂੰ ਸ਼ਹੀਦ ਐਲਾਨ ਦਿੱਤਾ। ਇਸ ਸਬੰਧੀ ਪਰਿਵਾਰ ਨੂੰ ਨਵੰਬਰ 2025 ਵਿੱਚ ਚਿੱਠੀ ਰਾਹੀਂ ਜਾਣਕਾਰੀ ਮਿਲੀ। ਪਹਿਲੀ ਜਨਵਰੀ 2026 ਨੂੰ ਫ਼ੌਜ ਦੀ ਗੋਲਡਨ ਜੁਬਲੀ ਮੌਕੇ ਕਾਨਪੁਰ ਵਿੱਚ ਪਰਿਵਾਰ ਨੂੰ ਸਨਮਾਨਿਤ ਵੀ ਕੀਤਾ ਗਿਆ, ਜਿੱਥੇ ਹਰਮੇਸ਼ ਸਿੰਘ ਅਤੇ ਉਨ੍ਹਾਂ ਦੇ ਸਾਥੀ ਜਵਾਨਾਂ ਦੀ ਯਾਦ ਵਿੱਚ ਸਮਾਰਕ ਅਤੇ ਮੂਰਤੀਆਂ ਸਥਾਪਤ ਕੀਤੀਆਂ ਗਈਆਂ ਹਨ। ਪਿੰਡ ਖੇੜਾ ਗੱਜੂ ਵਿੱਚ ਸ਼ਹੀਦ ਫ਼ੌਜੀ ਦੀ ਯਾਦ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਚਾਇਤ ਵੱਲੋਂ ਉਨ੍ਹਾਂ ਦੀ ਪਤਨੀ ਬੀਬੀ ਕਰਨੈਲ ਕੌਰ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੀਬੀ ਕਰਨੈਲ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਪੁੱਤਰ ਅਤੇ ਇੱਕ ਪੁੱਤਰੀ ਹੈ। ਪਿੰਡ ਵਾਸੀਆਂ ਨੇ ਵੀ ਸ਼ਹੀਦ ਹਰਮੇਸ਼ ਸਿੰਘ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ।

