ਸੰਯੁਕਤ ਕਿਸਾਨ ਮੋਰਚੇ ਦੇ ਸੂਬਾ ਪੱਧਰੀ ਸੱਦੇ ਤਹਿਤ ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਡੀ ਸੀ ਦਫ਼ਤਰ ਅੱਗੇ ਆਵਾਜਾਈ ਠੱਪ ਕਰ ਕੇ ਧਰਨਾ ਦਿੱਤਾ ਗਿਆ। ਧਰਨੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਹਰ ਸਿਆਸੀ ਪਾਰਟੀ ਤੋਂ ਭਰੋਸਾ ਟੁੱਟ ਚੁੱਕਿਆ ਹੈ ਕਿਉਂਕਿ ਕਿਸੇ ਵੀ ਪਾਰਟੀ ਕੋਲ ਕਿਸਾਨਾਂ-ਮਜ਼ਦੂਰਾਂ ਦੀਆਂ ਮੰਗਾਂ ਦਾ ਹੱਲ ਨਹੀਂ ਹੈ। ਉਨ੍ਹਾਂ ਭਾਰਤ-ਅਮਰੀਕਾ ਦੇ ਵਪਾਰ ਸਮਝੌਤੇ ਨੂੰ ਦੇਸ਼ ਲਈ ਬੇਹੱਦ ਖਤਰਨਾਕ ਦੱਸਿਆ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ, ਬੀਕੇਯੂ ਰਾਜੇਵਾਲ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ, ਕੁੱਲ ਹਿੰਦ ਕਿਸਾਨ ਸਭਾ ਅਜੇ ਭਵਨ ਦੇ ਸੂਬਾ ਸਕੱਤਰ ਬਲਦੇਵ ਸਿੰਘ ਨਿਹਾਲਗੜ੍ਹ, ਬੀ ਕੇ ਯੂ ਡਕੌਂਦਾ ਧਨੇਰ ਦੇ ਆਗੂ ਜਗਤਾਰ ਸਿੰਘ ਦੁੱਗਾਂ, ਜਮਹੂਰੀ ਕਿਸਾਨ ਸਭਾ ਦੇ ਸੂਬਾ ਆਗੂ ਊਧਮ ਸਿੰਘ ਸੰਤੋਖਪੁਰਾ, ਬੀ ਕੇ ਯੂ ਡਕੌਂਦਾ ਬੁਰਜ ਗਿੱਲ ਦੇ ਆਗੂ ਸਮਸ਼ੇਰ ਸਿੰਘ ਈਸਾਪੁਰ, ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਆਗੂ ਮੇਜਰ ਸਿੰਘ ਪੁੰਨਾਂਵਾਲ ਨੇ ਤੇਲ ਅਤੇ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਵਾਪਸ ਲੈਣ, ਸਹਿਕਾਰੀ ਸੁਸਾਇਟੀਆਂ ਵਿੱਚ ਵਧੇ ਹੋਏ ਹੱਦ ਕਰਜ਼ੇ ਮੁਤਾਬਕ ਕਿਸਾਨਾਂ ਨੂੰ ਨਕਦੀ ਦੇਣ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚ ਪੰਜਾਬ ਦੀ ਮੈਂਬਰੀ ਬਹਾਲ ਕਰਨ, ਭਾਰਤ ਅਮਰੀਕਾ ਕਰ ਮੁਕਤ ਵਪਾਰ ਸਮਝੌਤੇ ਰੱਦ ਕਰਨ ਆਦਿ ਮੰਗਾਂ ਪੂਰੀਆਂ ਕਰਨ ਦੀ ਮੰਗ ਕੀਤੀ।
ਪਟਿਆਲਾ (ਸਰਬਜੀਤ ਸਿੰਘ ਭੰਗੂ): ਐੱਸ ਕੇ ਐੱਮ ਦੇ ਸੱਦੇ ’ਤੇ ਕਿਸਾਨਾਂ ਵੱਲੋਂ ਅੱਜ ਇਥੇ ਡੀ ਸੀ ਦਫ਼ਤਰ ਦੇ ਬਾਹਰ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਯੂਰੀਆ ਦੀ ਘਾਟ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਜੇ ਸਰਕਾਰ ਨੇ ਇਸ ਦਾ ਹੱਲ ਨਾ ਕੀਤਾ ਤਾਂ ਕਿਸਾਨ ਆਪਣੇ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰਨਗੇ। ਇਸ ਮੌਕੇ ਕਿਸਾਨ ਯੂਨੀਅਨ (ਉਗਰਾਹਾਂ), ਕਿਰਤੀ ਕਿਸਾਨ ਯੂਨੀਅਨ, ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਬੁੱਟਰ), ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਕਿਸਾਨ ਯੂਨੀਅਨ (ਲੱਖੋਵਾਲ), ਕਿਸਾਨ ਯੂਨੀਅਨ (ਰਾਜੇਵਾਲ), ਆਲ ਇੰਡੀਆ ਕਿਸਾਨ ਸਭਾ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ।
ਬੀ ਕੇ ਯੂ ਬੁਰਜਗਿੱਲ ਨੇ ਡੀ ਸੀ ਨੂੰ ਵੱਖਰਾ ਮੰਗ ਪੱਤਰ ਦਿੱਤਾ
ਮਾਲੇਰਕੋਟਲਾ (ਪਰਮਜੀਤ ਸਿੰਘ ਕੁਠਾਲਾ): ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਸੱਦੇ ’ਤੇ ਅੱਜ ਡੀ ਸੀ ਦਫਤਰ ਅੱਗੇ ਧਰਨਾ ਦੇਣ ਮੌਕੇ ਕਿਸਾਨ ਮੋਰਚਾ ਵੰਡਿਆ ਨਜ਼ਰ ਆਇਆ। ਕੁੱਲ ਹਿੰਦ ਕਿਸਾਨ ਸਭਾ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਬੁਰਜਗਿੱਲ ਦੇ ਜ਼ਿਲ੍ਹਾ ਆਗੂਆਂ ਨੇ ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਲ ਹੋਰ ਜਥੇਬੰਦੀਆਂ ਤੋਂ ਵੱਖ ਹੋ ਕੇ ਆਪਣਾ ਮੰਗ ਪੱਤਰ ਡੀ ਸੀ ਮਾਲੇਰਕੋਟਲਾ ਨੂੰ ਸੌਂਪਿਆ। ਵੱਖਰੇ ਗਰੁੱਪ ਵਿਚ ਕੁੱਲ ਹਿੰਦ ਕਿਸਾਨ ਸਭਾ ਵੱਲੋਂ ਕੁਲਵਿੰਦਰ ਸਿੰਘ ਭੂਦਨ, ਦਰਸ਼ਨ ਸਿੰਘ ਕੁਠਾਲਾ, ਸਾਹਿਬ ਸਿੰਘ ਕਲਿਆਣ, ਜੁਗਰਾਜ ਸਿੰਘ ਮਹੇਰਨਾ , ਮਨਪਰੀਤ ਸਿੰਘ ਅਤੇ ਬੀ ਕੇ ਯੂ ਏਕਤਾ ਬੁਰਜਗਿੱਲ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਰੋਹਣੋਂ ਸ਼ਾਮਲ ਸਨ।
ਅੱਠ ਦੀ ਮੀਟਿੰਗ ਮੁਕੱਰਰ ਹੋਣ ਮਗਰੋਂ ਆਵਾਜਾਈ ਬਹਾਲ ਹੋਈ
ਪਟਿਆਲਾ: ਡੀ ਸੀ ਦਫ਼ਤਰ ਅੱਗੇ ਕਿਸਾਨਾਂ ਦੇ ਧਰਨੇ ਦੌਰਾਨ ਜਦੋਂ ਵਾਰ ਵਾਰ ਕਹਿਣ ’ਤੇ ਵੀ ਕਿਸਾਨ ਮਸਲਿਆਂ ਸਬੰਧੀ ਚਰਚਾ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੀਟਿੰਗ ਦਾ ਸਮਾਂ ਨਾ ਦਿੱਤਾ ਗਿਆ, ਤਾਂ ਕਿਸਾਨ ਧਰਨੇ ਵਾਲ਼ੀ ਥਾਂ ਤੋਂ ਕਾਫਲੇ ਦੇ ਰੂਪ ’ਚ ਡੀ ਸੀ ਦਫਤਰ ਦੇ ਮੁੱਖ ਗੇਟ ਅੱਗੇ ਪੁੱਜ ਗਏ ਤੇ ਫੇਰ ਘੰਟੇ ਤੋਂ ਵੱਧ ਸਮਾਂ ਡੀ ਸੀ ਦਫਤਰ ਦਾ ਘਿਰਾਓ ਕਰ ਕੇ ਰੱਖਿਆ। ਇਸ ਦੌਰਾਨ ਜੇਲ੍ਹ ਰੋਡ ’ਤੇ ਆਵਾਜਾਈ ਵੀ ਠੱਪ ਰਹੀ। ਕਿਸਾਨਾਂ ਦਾ ਕਹਿਣਾ ਸੀ ਕਿ ਉਹ ਗਰਮੀ ਝੱਲ ਰਹੇ ਹਨ ਤੇ ਅਧਿਕਾਰੀ ਏ ਸੀ ਕਮਰਿਆਂ ’ਚ ਬੈਠੇ ਹਨ। ਇਸ ਦੌਰਾਨ ਹੀ ਕਿਸਾਨਾਂ ਨੇ ਡੀ ਸੀ ਦੇ ਕਮਰੇ ਤੱਕ ਪਹੁੰਚਣ ਲਈ ਮੁੱਖ ਗੇਟ ਲੰਘਣ ਦੀ ਕੋਸ਼ਿਸ਼ ਵੀ ਕੀਤੀ ਪਰ ਪੁਲੀਸ ਨੇ ਬੈਰੀਕੇਡਿੰਗ ਕਰ ਕੇ ਅਜਿਹਾ ਨਾ ਹੋਣ ਦਿਤਾ। ਅਖੀਰ ਡੀ ਸੀ ਵੱਲੋਂ ਵਫ਼ਦ ਨੂੰ ਅੰਦਰ ਸੱੱਦ ਕੇ 8 ਜੂਨ ਦੀ ਮੀਟਿੰਗ ਮੁਕੱਰਰ ਕੀਤੀ ਜਿਸ ਉਪਰੰਤ ਹੀ ਕਿਸਾਨਾਂ ਨੇ ਘਿਰਾਓ ਖਤਮ ਕਰਕੇ ਆਵਾਜਾਈ ਬਹਾਲ ਕੀਤੀ।

