ਪੰਜਾਬੀ ਯੂਨੀਵਰਸਿਟੀ ਵਿੱਚ ਸਿੱਖ ਨਸਲਕੁਸ਼ੀ ਨਵੰਬਰ 1984 ਦੀ ਯਾਦ ਵਿੱਚ ‘ਸਿੱਖ ਨਸਲਕੁਸ਼ੀ ਦੀ ਵਿਲੱਖਣਤਾ ਜਜ਼ਬ ਕਰਕੇ ਹੋਂਦ-ਹਸਤੀ ਮਿਟਾਉਣ ਦੀ ਰਣਨੀਤੀ’ ਵਿਸ਼ੇ ’ਤੇ ਲੈਕਚਰ ਕਰਵਾਇਆ ਗਿਆ। ਇਸ ਮੌਕੇ ਵੱਖ-ਵੱਖ ਵਿਭਾਗਾਂ ਤੋਂ ਪ੍ਰੋਫੈਸਰ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਪਹੁੰਚੇ ਹੋਏ ਸਨ, ਜਿਸ ਵਿੱਚ ਮੁੱਖ ਬੁਲਾਰੇ ਵਜੋਂ ਸਰਦਾਰ ਅਜਮੇਰ ਸਿੰਘ ਨੇ ਹਿੰਸਾ ਦੇ ਨਾਲ-ਨਾਲ ਸਿੱਖਾਂ ਦੀ ਪਛਾਣ ਮੇਟਣ ਦੀ ਚੱਲ ਰਹੀ ਸਿਆਸਤ ’ਤੇ ਚਾਨਣਾ ਪਾਇਆ। ਇਸ ਮੌਕੇ ਇਹ ਗੱਲ ਮੁੱਖ ਤੌਰ ’ਤੇ ਚਰਚਾ ਦਾ ਵਿਸ਼ਾ ਰਹੀ ਕਿ ਸਿੱਖਾਂ ਨੂੰ ਕਿਸਾ ਤਰ੍ਹਾਂ ਨਿਸ਼ਾਨਾ ਬਣਾਇਆ ਗਿਆ ਅਤੇ ਇਹ ਇੱਕ ਵਾਰ ਦਾ ਵਰਤਾਰਾ ਨਹੀਂ, ਬਲਕਿ ਅਜਿਹਾ ਵਰਤਾਰਾ ਵਾਰ ਵਾਰ ਵਾਪਰਦਾ ਰਿਹਾ।
ਇਹ ਵਰਤਾਰਾ 1984 ਤੋਂ ਲੈ ਕੇ ਲਗਾਤਾਰ ਵਾਪਰ ਰਿਹਾ ਹੈ, ਜੋ ਸਿਰਫ ਸਰੀਰਕ ਤੌਰ ’ਤੇ ਸਿੱਖ ਕੌਮ ਦੀ ਨਸਲਕੁਸ਼ੀ ਨਹੀਂ, ਸਗੋਂ ਲਗਾਤਾਰ ਹੋਣ ਵਾਲ਼ਾ ਵਰਤਾਰਾ ਹੈ ਬਲਕਿ ਹੁਣ ਤਾਂ ਇਹ ਸਰੀਰਕ ਹੀ ਨਹੀਂ ਸਗੋਂ ਮਾਨਸਿਕ ਤੌਰ ‘ਤੇ ਨੁਕਸਾਨ ਪਹੁੰਚਾਣ ਵਾਲ਼ਾ ਵਰਤਾਰਾ ਵੀ ਬਣ ਗਿਆ ਹੈ। ਉਨ੍ਹਾਂ ਹੋਰ ਕਿਹਾ ਕਿ ਸਿੱਖੀ ਦੇ ਪ੍ਰਕਾਸ਼ ਨਾਲ਼ ਹੀ ਸਿੱਖਾਂ ਦਾ ਸਿੱਖੀ ਦੇ ਨਵੇਂ ਰਾਹ ਦੇ ਨਾਲ਼ ਦੁਸ਼ਮਣੀ ਪਾਲਣ ਵਾਲ਼ਿਆਂ ਦੇ ਨਾਲ਼ ਸੰਘਰਸ਼ ਸ਼ੁਰੂ ਹੋ ਗਿਆ ਸੀ। ਸਿਆਸੀ ਤੌਰ ’ਤੇ ਇਹ ਸੰਘਰਸ਼ ਮੁਗਲ ਹਕੂਮਤ ਨਾਲ਼ ਸੀ ਤੇ ਸਮਾਜਿਕ ਤੌਰ ’ਤੇ ਬਿਪਰਵਾਦੀ ਸੋਚ ਨਾਲ ਸੀ। ਸ੍ਰੀ ਅਜਮੇਰ ਸਿੰਘ ਦਾ ਇਹ ਵੀ ਕਹਿਣਾ ਸੀ ਕਿ ਮੌਜੂਦਾ ਤੌਰ ’ਤੇ ਸਿੱਖ ਆਪਣੀ ਵੱਖਰੀ ਪਛਾਣ ਬਣਾਈ ਰੱਖਣ ਲਈ 1947 ਤੋਂ ਹੀ ਸੰਘਰਸ਼ ਕਰ ਰਹੇ ਹਨ। ਇਸ ਲੈਕਚਰ ਦੇ ਅਖੀਰ ਵਿੱਚ ਸਵਾਲ-ਜਵਾਬ ਦਾ ਸਿਲਸਿਲਾ ਚੱਲਿਆ। ਇਸ ਵਿੱਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ਼ ਆਪਣੇ ਸਵਾਲ ਰੱਖੇ।

