Sikh Youth Torture: ਪੁਲੀਸ ਨੇ ਅਤਿਵਾਦ ਦਾ ਦੌਰ ਯਾਦ ਕਰਵਾਇਆ: ਤਰਸੇਮ ਸਿੰਘ
ਮੋਹਣਜੀਤ ਮਾਮਲੇ ਵਿੱਚ ਕਸੂਰਵਾਰਾਂ ਨੂੰ ਤੁਰੰਤ ਮੁਅੱਤਲ ਕਰਨ ਦੀ ਮੰਗ
ਪੰਜਾਬ ਵਿੱਚ ਸਿੱਖ ਨੌਜਵਾਨਾਂ ਨਾਲ ਪੁਲੀਸ ਵੱਲੋਂ ਕੀਤੇ ਜਾ ਰਹੇ ਕਥਿਤ ਤਸ਼ੱਦਦ ਨੇ ਇੱਕ ਵਾਰ ਫਿਰ 90ਵਿਆਂ ਦੇ ਕਾਲੇ ਦੌਰ ਦੀਆਂ ਯਾਦਾਂ ਤਾਜ਼ਾ ਕਰਵਾ ਦਿੱਤੀਆਂ ਹਨ। ਇਹ ਪ੍ਰਗਟਾਵਾ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਅਤੇ ਵਾਰਿਸ ਪੰਜਾਬ ਜਥੇਬੰਦੀ ਦੇ ਆਗੂ ਤਰਸੇਮ ਸਿੰਘ, ਚਮਨਦੀਪ ਸਿੰਘ ਮਿਲਖੀ ਅਤੇ ਕਥਾਵਾਚਕ ਭਾਈ ਹਰਜਿੰਦਰ ਸਿੰਘ ਮਾਝੀ ਨੇ ਕਰਦਿਆਂ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ। ਉਨ੍ਹਾਂਮੋਹਣਜੀਤ ਸਿੰਘ ਨਾਲ ਹੋਏ ਕਥਿਤ ਪੁਲਸੀਆ ਤਸ਼ੱਦਦ ਦੀ ਨਿਖੇਧੀ ਕਰਦਿਆਂ ਕਿਹਾ ਕਿ ਜੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਵਿਰਾਸਤ ਨਾਲ ਆਪਣੇ ਆਪ ਨੂੰ ਜੋੜਦਿਆਂ ਕੇ ਪੀ ਐੱਸ ਗਿੱਲ ਦੇ ਦੌਰ ਵਾਲੀ ਪੁਲੀਸ ਕਾਰਜਸ਼ੈਲੀ ਨੂੰ ਮੁੜ ਪੰਜਾਬ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੰਜਾਬ ਦੀ ਜਾਗਦੀ ਜ਼ਮੀਰ ਇਸ ਨੂੰ ਕਦੇ ਵੀ ਸਵੀਕਾਰ ਨਹੀਂ ਕਰੇਗੀ।
ਉਨ੍ਹਾਂ ਮੰਗ ਕੀਤੀ ਕਿ ਮੋਹਣਜੀਤ ਸਿੰਘ ਨਾਲ ਹੋਏ ਕਥਿਤ ਤਸ਼ੱਦਦ ਦੀ ਨਿਰਪੱਖ ਅਤੇ ਉੱਚ ਪੱਧਰੀ ਜਾਂਚ ਕਰਵਾਈ ਜਾਵੇ, ਦੋਸ਼ੀ ਪਾਏ ਜਾਣ ਵਾਲੇ ਪੁਲੀਸ ਅਧਿਕਾਰੀਆਂ ਨੂੰ ਤੁਰੰਤ ਮੁਅੱਤਲ ਕਰ ਕੇ ਉਨ੍ਹਾਂ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇ। ਮਗਰੋਂ ਤਰਸੇਮ ਸਿੰਘ ਅਤੇ ਉਨ੍ਹਾਂ ਦੇ ਸਾਥੀ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਵਿੱਚ ਨਤਮਸਤਕ ਹੋਏ। ਇਸ ਮੌਕੇ ਗੁਰਦੁਆਰਾ ਦੇ ਪ੍ਰਬੰਧਕਾਂ ਅਤੇ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਅਤੇ ਸਮੂਹ ਪ੍ਰਬੰਧਕਾਂ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਯੂਥ ਪ੍ਰਧਾਨ ਗੁਰਕੀਰਤ ਸਿੰਘ ਲਖਮੀਰਵਾਲਾ, ਜਗਵਿੰਦਰ ਸਿੰਘ, ਬੱਗਾ ਸਿੰਘ ਬਹਾਦਰਪੁਰ, ਕਾਲਾ ਸਿੰਘ ਖਹਿਰਾ, ਗੋਲਡੀ ਬਹਾਦਰਪੁਰ ਮੌਜੂਦ ਸਨ।

