ਸਰਬਜੀਤ ਸਿੰਘ ਭੰਗੂ
ਪਟਿਆਲਾ, 30 ਨਵੰਬਰ
ਸਾਢੇ ਤਿੰਨ ਦਹਾਕੇ ਪੁਰਾਣੇ ਸੜਕ ਹਾਦਸੇ ਨਾਲ ਸਬੰਧਤ ਕੇਸ ਵਿੱਚ ਹੋਈ ਇੱੱਕ ਸਾਲ ਦੀ ਕੈਦ ਦੇ ਤਹਿਤ ਕੇਂਦਰੀ ਜੇਲ੍ਹ ਪਟਿਆਲਾ ‘ਚ ਸਜ਼ਾ ਕੱਟ ਰਹੇ ਸਾਬਕਾ ਕ੍ਰਿਕਟਰ ਅਤੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨਿਰਧਾਰਤ ਸਮੇਂ ਤੋਂ ਪਹਿਲਾਂ ਰਿਹਾਅ ਹੋ ਸਕਦੇ ਹਨ। ਕੇਂਦਰ ਸਰਕਾਰ ਦੀ ‘ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ’ ਦੇ ਜਸ਼ਨਾਂ ਤਹਿਤ ਕੈਦੀਆਂ ਦੀ ਰਿਹਾਈ ਲਈ ਬਣਾਈ ਨੀਤੀ ਦੇ ਤਹਿਤ ਉਨ੍ਹਾਂ ਨੂੰ ਇਹ ਲਾਭ ਉਸ ਨੂੰ ਮਿਲ ਸਕਦਾ ਹੈ। ਇਸ ਦੇ ਪਹਿਲੇ ਪੜਾਅ ‘ਚ ਕਈ ਕੈਦੀਆਂ ਨੂੰ 15 ਅਗਸਤ ਮੌਕੇ ਰਿਹਾਅ ਕੀਤਾ ਜਾ ਚੁੱਕਾ ਹੈ, ਜਦੋਂਕਿ ਹੁਣ ਦੂਜੇ ਪੜਾਅ ‘ਚ 26 ਜਨਵਰੀ 2023 ਨੂੰ ਹੋਰ ਕੈਦੀਆਂ ਨੂੰ ਰਿਹਾਅ ਕੀਤਾ ਜਾਵੇਗਾ। ਇਨ੍ਹਾਂ ‘ਚ ਨਵਜੋਤ ਸਿੱਧੂ ਦੇ ਸ਼ੁਮਾਰ ਹੋਣ ਦੀ ਪੂਰੀ ਸੰਭਾਵਨਾ ਹੈ। ਸਿੱਧੂ ਵੱਲੋਂ 25 ਜਨਵਰੀ 2023 ਤੱਕ 250 ਦਿਨਾਂ ਦੀ ਕੈਦ ਕੱਟ ਲਈ ਜਾਵੇਗੀ, ਜਦੋਂਕਿ ਰਿਹਾਈ ਲਈ ਲੋੜੀਂਦੀ 66 ਫੀਸਦੀ ਕੈਦ ਕੱਟਣ ਲਈ ਦਿਨਾਂ ਦੀ ਗਿਣਤੀ 241 ਬਣਦੀ ਹੈ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਉਕਤ ਯੋਜਨਾ ਅਧੀਨ ਕੈਦੀਆਂ ਦੀ ਅਗਾਊਂ ਰਿਹਾਈ ਸਬੰਧੀ ਵੱਖ-ਵੱਖ ਕਾਲਮ ਸ਼ਾਮਲ ਹਨ, ਜਿਵੇਂ ਕਿ ਕੁੱਲ ਕੈਦ ‘ਚੋਂ 50 ਫੀਸਦੀ ਸਜ਼ਾ ਕੱਟਣ ਵਾਲੀਆਂ 50 ਸਾਲਾ ਮਹਿਲਾਵਾਂ ਅਤੇ 60 ਸਾਲਾ ਪੁਰਸ਼ ਕੈਦੀਆਂ ਨੂੰ ਰਿਹਾਅ ਕੀਤਾ ਜਾਵੇਗਾ। ਅੱਧੀ ਸਜ਼ਾ ਕੱਟਣ ਵਾਲਾ ਜੇਕਰ ਕੋਈ ਵਿਅਕਤੀ ਸੱਤਰ ਫੀਸਦੀ ਅਪਾਹਜ ਹੈ ਤਾਂ ਉਸ ਨੂੰ ਵੀ ਰਿਹਾਈ ਮਿਲੇਗੀ। ਇਸੇ ਤਰ੍ਹਾਂ ਕਈ ਹੋਰ ਮੱਦਾਂ ਵੀ ਰੱਖੀਆਂ ਗਈਆਂ ਹਨ।
ਇਸੇ ਨੀਤੀ ‘ਚ ਇੱਕ ਮੱਦ ਅਜਿਹੀ ਵੀ ਹੈ, ਜਿਸ ਵਿੱਚ ਅਦਾਲਤ ਵੱਲੋਂ ਸੁਣਾਈ ਗਈ ਕੁੱਲ ਕੈਦ ਦਾ 66 ਫ਼ੀਸਦੀ ਹਿੱਸਾ ਕੱਟਣ ਵਾਲੇ ਕੈਦੀਆਂ ਨੂੰ ਵੀ ਰਿਹਾਈ ਦਾ ਲਾਭ ਮਿਲੇਗਾ। ਇਸ ਵਿੱਚ ਉਮਰ ਹੱਦ ਦੀ ਕੋਈ ਬੰਦਿਸ਼ ਨਹੀਂ ਹੈ। ਇਸ ਵਿੱਚ ਕਤਲ, ਜਬਰ-ਜਨਾਹ, ਲੁੱਟ-ਖੋਹ, ਡਕੈਤੀ ਅਤੇ ਪੋਕਸੋ ਐਕਟ ਆਦਿ ਤਰ੍ਹਾਂ ਦੇ ਕਰਾਈਮ ਦੇ ਅਧੀਨ ਆਉਂਦੇ ਕੈਦੀਆਂ ਨੂੰ ਸ਼ਾਮਲ ਨਹੀਂ ਕੀਤਾ ਗਿਆ। ਇੰਨਾ ਹੀ ਨਹੀਂ ਇਸ ਨੀਤੀ ਵਿਚ ਕੈਦੀਆਂ ਦੇ ਚੰਗੇ ਆਚਰਣ ਅਤੇ ਚੰਗਾ ਕੰਮ ਕਰਨ ਬਦਲੇ ਸਮੂਹ ਜੇਲ੍ਹਾਂ ਦੇ ਸੁਪਰਡੈਂਟਾਂ ਵੱਲੋਂ ਮਹੀਨੇ ਦੇ ਹਿਸਾਬ ਨਾਲ ਦਿੱਤੀ ਜਾਂਦੀ ਮੁਆਫ਼ੀ ਇਸ ਤੋਂ ਵੱਖਰੀ ਹੈ ਕਿਉਂਕਿ ਜੇਲ੍ਹ ਨਿਯਮਾਂ ਮੁਤਾਬਕ ਹਰੇਕ ਸੁਪਰਡੈਂਟ ਕੋਲ ਕੈਦੀ ਨੂੰ ਇੱਕ ਮਹੀਨੇ ‘ਚ ਕੰਮ ਦੇ ਹਿਸਾਬ ਨਾਲ 4-5 ਦਿਨਾਂ ਦੀ ਮੁਆਫ਼ੀ ਦੇਣ ਦੇ ਅਧਿਕਾਰ ਵੀ ਹਨ। ਇਸ ਤਰ੍ਹਾਂ ਜੇਕਰ ਜੇਲ੍ਹ ਸੁਪਰਡੈਂਟ ਵੱਲੋਂ ਹਰ ਮਹੀਨੇ ਸਿੱਧੂ ਨੂੰ ਚਾਰ ਦਿਨਾਂ ਦੀ ਮੁਆਫ਼ੀ ਵੀ ਦਿੱਤੀ ਗਈ ਹੋਈ ਤਾਂ ਵੀ ਇਹ ਤਕਰੀਬਨ ਤੀਹ ਦਿਨ ਬਣ ਜਾਣਗੇ।