ਪਟਿਆਲਾ ਤੇ ਸੰਗਰੂਰ ਜ਼ਿਲ੍ਹੇ ’ਚ ਸੱਤ ਕਰੋਨਾ ਮਰੀਜ਼ਾਂ ਦੀ ਮੌਤ

ਪਟਿਆਲਾ ਤੇ ਸੰਗਰੂਰ ਜ਼ਿਲ੍ਹੇ ’ਚ ਸੱਤ ਕਰੋਨਾ ਮਰੀਜ਼ਾਂ ਦੀ ਮੌਤ

ਪਟਿਆਲਾ ਜ਼ਿਲ੍ਹੇ ਦੀ ਇੱਕ ਫੈਕਟਰੀ ਵਿਚ ਕਰੋਨਾ ਸਬੰਧੀ ਸੈਂਪਲ ਲੈਂਦੀ ਸਿਹਤ ਟੀਮ।

ਸਰਬਜੀਤ ਸਿੰਘ ਭੰਗੂ

ਪਟਿਆਲਾ, 23 ਸਤੰਬਰ

ਕਰੋਨਾ ਮਹਾਂਮਾਰੀ ਦੇ ਪ੍ਰਕੋਪ ਦੌਰਾਨ ਪਟਿਆਲਾ ਜ਼ਿਲ੍ਹੇ ’ਚ ਅੱਜ ਚਾਰ ਹੋਰ ਵਿਅਕਤੀ ਕਰੋਨਾ ਖ਼ਿਲਾਫ਼ ਜੰਗ ਹਾਰ ਗਏ। ਜਿਸ ਨਾਲ ਜ਼ਿਲ੍ਹੇ ’ਚ ਕਰੋਨਾ ਨਾਲ਼ ਮਰਨ ਵਾਲ਼ਿਆਂ ਦੀ ਗਿਣਤੀ 298 ਹੋ ਗਈ ਹੈ। ਇਨ੍ਹਾਂ ਮ੍ਰਿਤਕਾਂ ਵਿੱਚੋਂ ਇੱਕ ਪਟਿਆਲਾ ਸ਼ਹਿਰ, ਇੱਕ ਰਾਜਪੁਰਾ, ਇੱਕ ਬਲਾਕ ਹਰਪਾਲਪੁਰ ਤੇ ਇੱਕ ਬਲਾਕ ਕਾਲੋਮਾਜਰਾ ਨਾਲ ਸਬੰਧਿਤ ਹੈ। ਪਟਿਆਲਾ ਦੇ ਰਣਜੀਤ ਨਗਰ ਦੀ ਰਹਿਣ ਵਾਲੀ 55 ਸਾਲਾ ਔਰਤ ਨੂੰ ਕਿਸੇ ਹੋਰ ਬਿਮਾਰੀ ਕਾਰਨ ਪੀਜੀਆਈ ਚੰਡੀਗੜ੍ਹ ਦਾਖਲ ਸੀ, ਜਿਸ ਦਾ ਕਰੋਨਾ ਟੈਸਟ ਪਾਜ਼ੇਟਿਵ ਆਇਆ ਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਰੋਜ਼ ਕਲੋਨੀ ਰਾਜਪੁਰਾ ਦੀ ਰਹਿਣ ਵਾਲੀ 60 ਸਾਲਾ ਮਹਿਲਾ ਸਾਹ ਦੀ ਦਿੱਕਤ ਕਾਰਨ ਰਾਜਿੰਦਰਾ ਹਸਪਤਾਲ ਦਾਖਲ ਸੀ। ਜਦੋਂਕਿ ਘਨੌਰ ਬਲਾਕ ਦੇ ਹਰਪਾਲਪੁਰ ਦਾ ਰਹਿਣ ਵਾਲਾ 65 ਸਾਲਾ ਵਿਅਕਤੀ ਸ਼ੂਗਰ, ਹਾਈਪਰਟੈਂਸ਼ਨ ਤੇ ਕਿਡਨੀ ਦੀਆਂ ਬਿਮਾਰੀਆਂ ਤੋਂ ਪੀੜਤ ਸੀ। ਜਿਸ ਨੂੰ ਰਾਜਿੰਦਰਾ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਪਰ ਨਾਲ਼ ਹੀ ਕਰੋਨਾ ਦੀ ਲਪੇਟ ਕਾਰਨ ਉਸ ਦੀ ਮੌਤ ਹੋ ਗਈ। ਅੱਜ ਦਾ ਚੌਥਾ ਮ੍ਰਿਤਕ ਰਾਜਪੁਰਾ ਕੋਲ ਪਿੰਡ ਸੈਦਖੇੜੀ ਦਾ ਰਹਿਣ ਵਾਲਾ 21 ਸਾਲਾ ਨੌਜਵਾਨ ਸੀ। ਸਿਹਤ ਵਿਭਾਗ ਦਾ ਤਰਕ ਹੈ ਕਿ ਉਹ ਕਰੋਨਾ ਸਮੇਤ ਪੀਲੀਆ ਤੇ ਸਾਹ ਦੀ ਦਿੱਕਤ ਕਾਰਨ ਰਜਿੰਦਰਾ ਹਸਪਤਾਲ ਦਾਖਲ ਹੋਇਆ ਸੀ। ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਦਾ ਕਹਿਣਾ ਸੀ ਕਿ ਇਹ ਸਾਰੇ ਮਰੀਜ਼ ਜ਼ੇਰੇ ਇਲਾਜ ਸਨ ਤੇ ਇਨ੍ਹਾਂ ਦੀ ਇਲਾਜ ਦੌਰਾਨ ਮੌਤ ਹੋਈ ਹੈ।

ਉਧਰ, ਅੱਜ ਜ਼ਿਲ੍ਹੇ ’ਚ ਕਰੋਨਾ ਦੇ 126 ਹੋਰ ਨਵੇਂ ਕੇਸ ਵੀ ਸਾਹਮਣੇ ਆਏ ਹਨ। ਜਿਨ੍ਹਾਂ ਵਿੱਚੋਂ 76 ਪਟਿਆਲਾ ਸ਼ਹਿਰ ਦੇ ਹਨ। ਜਦੋਂਕਿ 2 ਸਮਾਣਾ, 12 ਰਾਜਪੁਰਾ, 8 ਨਾਭਾ, ਬਲਾਕ ਭਾਦਸੋਂ ਤੋਂ 4, ਬਲਾਕ ਕੌਲੀ ਤੋਂ 11, ਬਲਾਕ ਕਾਲੋਮਾਜਰਾ ਤੋਂ 4, ਬਲਾਕ ਹਰਪਾਲਪੁਰ ਤੋਂ 4, ਬਲਾਕ ਦੂਧਨਸਾਧਾਂ ਤੋਂ 1, ਬਲਾਕ ਸ਼ੁਤਰਾਣਾ ਤੋਂ 4 ਕੇਸ ਰਿਪੋਰਟ ਹੋਏ ਹਨ।

ਸੰਗਰੂਰ (ਗੁਰਦੀਪ ਸਿੰਘ ਲਾਲੀ) ਜ਼ਿਲ੍ਹਾ ਸੰਗਰੂਰ ’ਚ ਇੱਕ ਮਹਿਲਾ ਸਣੇ ਤਿੰਨ ਕਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋ ਗਈ ਹੈ। ਹੁਣ ਤੱਕ ਜ਼ਿਲ੍ਹੇ ’ਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 131 ਤੱਕ ਜਾ ਪੁੱਜੀ ਹੈ। ਅੱਜ 49 ਵਿਅਕਤੀਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ਜਦੋਂਕਿ 89 ਮਰੀਜ਼ਾਂ ਨੇ ਕਰੋਨਾ ਨੂੰ ਮਾਤ ਦਿੰਦਿਆਂ ਘਰ ਵਾਪਸੀ ਕੀਤੀ ਹੈ। ਹੁਣ ਤੱਕ ਜ਼ਿਲ੍ਹੇ ’ਚ ਕੁੱਲ ਪਾਜ਼ੇਟਿਵ ਕੇਸਾਂ ਦੀ ਗਿਣਤੀ 3323 ਹੋ ਚੁੱਕੀ ਹੈ ਜਿਨ੍ਹਾਂ ’ਚੋਂ 2692 ਤੰਦਰੁਸਤ ਹੋ ਚੁੱਕੇ ਹਨ। ਹੁਣ ਐਕਟਿਵ ਕੇਸਾਂ ਦੀ ਗਿਣਤੀ 500 ਹੈ ਜਿਨ੍ਹਾਂ ’ਚੋਂ 3 ਦੀ ਹਾਲਤ ਗੰਭੀਰ ਹੈ।

ਜ਼ਿਲ੍ਹਾ ਸਿਹਤ ਪ੍ਰਸ਼ਾਸਨ ਦੇ ਬੁਲਾਰੇ ਅਨੁਸਾਰ ਅੱਜ ਜ਼ਿਲ੍ਹੇ ’ਚ ਕਰੋਨਾ ਨਾਲ ਤਿੰਨ ਮਰੀਜ਼ਾਂ ਦੀ ਮੌਤ ਹੋਈ ਹੈ ਜਿਨ੍ਹਾਂ ’ਚ ਇੱਕ 52 ਸਾਲਾ ਮਹਿਲਾ ਬਲਾਕ ਮੂਨਕ ਦੀ ਰਹਿਣ ਵਾਲੀ ਸੀ ਜੋ ਕਰੋਨਾ ਪਾਜ਼ੇਟਿਵ ਹੋਣ ਕਾਰਨ ਗਰੇਸੀ ਹਸਪਤਾਲ ਵਿੱਚ ਦਾਖਲ ਸੀ ਜਿਸਦੀ ਮੌਤ ਹੋ ਗਈ ਹੈ। ਇਸਤੋਂ ਇਲਾਵਾ ਇੱਕ 70 ਸਾਲਾ ਵਿਅਕਤੀ ਬਲਾਕ ਸੰਗਰੂਰ ਦਾ ਰਹਿਣ ਵਾਲਾ ਸੀ ਜੋ ਗਰੇਸੀ ਹਸਪਤਾਲ ਵਿੱਚ ਹੀ ਜ਼ੇਰੇ ਇਲਾਜ ਸੀ। ਕਰੋਨਾ ਪਾਜ਼ੇਟਿਵ ਇਹ ਮਰੀਜ਼ ਵੀ ਜ਼ਿੰਦਗੀ ਦੀ ਜੰਗ ਹਾਰ ਗਿਆ। 75 ਸਾਲਾ ਵਿਅਕਤੀ ਬਲਾਕ ਲੌਂਗੋਵਾਲ ਦਾ ਰਹਿਣ ਵਾਲਾ ਸੀ ਜੋ ਮਿਲਟਰੀ ਹਸਪਤਾਲ ਪਟਿਆਲਾ ਦਾਖਲ ਸੀ। ਇਸ ਕਰੋਨਾ ਪਾਜ਼ੇਟਿਵ ਮਰੀਜ਼ ਦੀ ਵੀ ਮੌਤ ਹੋ ਗਈ ਹੈ। ਜ਼ਿਲ੍ਹੇ ’ਚ ਹੁਣ ਤੱਕ 131 ਮੌਤਾਂ ਹੋ ਚੁੱਕੀਆਂ ਹਨ।

ਅੱਜ 49 ਵਿਅਕਤੀਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ਜਿਨ੍ਹਾਂ ’ਚ ਬਲਾਕ ਸੰਗਰੂਰ ਦੇ 5 ਮਰੀਜ਼, ਬਲਾਕ ਲੌਂਗੋਵਾਲ ਦੇ 4 ਮਰੀਜ਼, ਬਲਾਕ ਅਮਰਗੜ੍ਹ ਦੇ 5 ਮਰੀਜ਼, ਬਲਾਕ ਸੁਨਾਮ ਦੇ 5 ਮਰੀਜ਼, ਬਲਾਕ ਧੂਰੀ ਦੇ 7 ਮਰੀਜ਼, ਬਲਾਕ ਮੂਨਕ ਦਾ ਇੱਕ ਮਰੀਜ਼, ਬਲਾਕ ਭਵਾਨੀਗੜ੍ਹ ਦੇ 5 ਮਰੀਜ਼, ਬਲਾਕ ਅਹਿਮਦਗੜ੍ਹ ਦੇ 2 ਮਰੀਜ਼, ਬਲਾਕ ਮਲੇਰਕੋਟਲਾ ਦੇ 2 ਮਰੀਜ਼, ਬਲਾਕ ਫਤਹਿਗੜ੍ਹ ਪੰਜਗਰਾਈਆਂ ਦੇ 8 ਮਰੀਜ਼, ਬਲਾਕ ਸ਼ੇਰਪੁਰ ਦੇ 2 ਮਰੀਜ਼ ਅਤੇ ਬਲਾਕ ਕੌਹਰੀਆਂ ਦੇ 3 ਮਰੀਜ਼ ਸ਼ਾਮਲ ਹਨ।

ਉਧਰ, ਅੱਜ 89 ਮਰੀਜ਼ਾਂ ਨੇ ਕਰੋਨਾ ਨੂੰ ਮਾਤ ਦਿੰਦਿਆਂ ਘਰ ਵਾਪਸੀ ਕੀਤੀ ਹੈ। ਡਿਪਟੀ ਕਮਿਸ਼ਨਰ ਰਾਮਵੀਰ ਅਨੁਸਾਰ ਅੱਜ ਸਫ਼ਲ ਇਲਾਜ ਤੋਂ ਬਾਅਦ 89 ਮਰੀਜ਼ ਹੋਮਆਈਸੋਲੇਸ਼ਨ ਤੋਂ ਛੁੱਟੀ ਮਿਲਣ ਤੋਂ ਬਾਅਦ ਆਪੋ-ਆਪਣੇ ਘਰ ਪਰਤੇ ਹਨ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All