ਪੱਤਰ ਪ੍ਰੇਰਕ
ਸੰਗਰੂਰ, 19 ਜਨਵਰੀ
ਵਿਧਾਨ ਸਭਾ ਹਲਕਾ ਸੰਗਰੂਰ ਵਿਚ ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਪਾਰਟੀ ਦੇ ਸੀਨੀਅਰ ਆਗੂ ਬਲਤੇਜ ਸਿੰਘ ਸਿੱਧੂ ਵੱਲੋਂ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਗਿਆ| ਇਸ ਮੌਕੇ ਅਕਾਲੀ ਦਲ-ਬਸਪਾ ਗੱਠਜੋੜ ਦੇ ਉਮੀਦਵਾਰ ਵਿਨਰਜੀਤ ਸਿੰਘ ਗੋਲਡੀ ਵੱਲੋਂ ਸਿੱਧੂ ਦਾ ਪਾਰਟੀ ਵਿਚ ਸ਼ਾਮਲ ਹੋਣ ’ਤੇ ਸਨਮਾਨ ਕੀਤਾ ਗਿਆ| ਗੋਲਡੀ ਨੇ ਅੱਜ ਖਿਲਰੀਆਂ ਸਮੇਂ ਦਰਜਨਾਂ ਪਿੰਡਾਂ ਦੇ ਦੌਰੇ ਦੌਰਾਨ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ‘ਆਪ’ ਹਮੇਸ਼ਾਂ ਝੂਠ ਦੀ ਰਾਜਨੀਤੀ ਹੀ ਕਰਦੀ ਹੈ| ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ‘ਆਪ’ ਵੱਲੋਂ ਪੰਜਾਬੀਆਂ ਨਾਲ ਝੂਠ ਬੋਲਿਆ ਗਿਆ ਕਿ ਚੌਵੀ ਘੰਟੇ ਵਿਚ ਮੁੱਖ ਮੰਤਰੀ ਦੇ ਅਹੁਦੇ ਲਈ ਅੱਠ ਲੱਖ ਫ਼ੋਨ ਆ ਚੁੱਕਾ ਹੈ| ਉਨ੍ਹਾਂ ਕਿਹਾ ਕਿ ‘ਆਪ’ ਹੁਣ ਝੂਠ ਦੇ ਸਹਾਰੇ ਲੋਕਾ ਦੇ ਮਨਾਂ ਵਿਚ ਆਪਣੀ ਥਾਂ ਬਣਾਉਣਾ ਚਾਹੁੰਦੇ ਹਨ ਪਰ ਹੁਣ ਲੋਕ ਸਮਝਦਾਰ ਹੋ ਚੁੱਕੇ ਹਨ| ਗੋਲਡੀ ਨੇ ਕਾਂਗਰਸ ’ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਕਾਂਗਰਸੀ ਵਿਧਾਇਕ ਨੇ ਪੰਜ ਸਾਲਾਂ ਵਿਚ ਹਲਕੇ ਵਿਚ ਵਿਕਾਸ ਦੇ ਨਾਮ ’ਤੇ ਆਮ ਜਨਤਾ ਨੂੰ ਰੱਜ ਕੇ ਲੁੱਟਿਆ ਹੈ।
ਕਿਸਾਨ ਆਗੂ ਸਾਥੀਆਂ ਸਣੇ ਅਕਾਲੀ ਦਲ ’ਚ ਸ਼ਾਮਲ
ਘਨੌਰ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਗੁਰਚਰਨ ਸਿੰਘ ਸਹਿਰਾ ਅਤੇ ਬਲਾਕ ਪ੍ਰਧਾਨ ਜਗਤਾਰ ਸਿੰਘ ਆਕੜੀ ਸੈਂਕੜੇ ਸਮਰਥਕਾਂ ਸਣੇ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਪ੍ਰੇਮ ਸਿੰਘ ਚੰਦੂਮਾਜਰਾ ਨੇ ਪਾਰਟੀ ਵਿੱਚ ਸ਼ਾਮਲ ਹੋਣ ’ਤੇ ਗੁਰਚਰਨ ਸਿੰਘ ਸੇਹਰਾ, ਜਗਤਾਰ ਸਿੰਘ ਆਕੜੀ ਸਣੇ ਹੋਰਨਾਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨ ਆਗੂਆਂ ਦੇ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਅਕਾਲੀ ਦਲ ਨੂੰ ਹੋਰ ਮਜ਼ਬੂਤੀ ਮਿਲੇਗੀ।
ਮਰੌੜੀ ਦੀ ਪੰਚਾਇਤ ਅਕਾਲੀ ਦਲ ’ਚ ਸ਼ਾਮਲ
ਘੱਗਾ (ਪੱਤਰ ਪ੍ਰੇਰਕ): ਹਲਕਾ ਸ਼ੁਤਰਾਣਾ ਤੋਂ ਅਕਾਲੀ ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਬੀਬੀ ਵਨਿੰਦਰ ਕੌਰ ਲੂੰਬਾ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਤਕੜਾ ਹੁਲਾਰਾ ਮਿਲਿਆ, ਜਦੋਂ ਪਿੰਡ ਮਰੌੜੀ ਦੀ ਸਮੁੱਚੀ ਪੰਚਾਇਤ ਨੇ ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਸਾਬਕਾ ਵਿਧਾਇਕ ਬੀਬੀ ਵਨਿੰਦਰ ਕੌਰ ਲੂੰਬਾ ਨੇ ਪਿੰਡ ਮਰੋੜੀ ਦੀ ਸਰਪੰਚ ਹਰਦਿਆਲ ਕੌਰ, ਮੈਂਬਰ ਪਰਮਜੀਤ ਕੌਰ, ਕਾਕਾ ਸਿੰਘ, ਤਰਸੇਮ ਸਿੰਘ ਅਤੇ ਰਾਮ ਸਿੰਘ ਸਮੇਤ ਦਰਜਨਾਂ ਸਾਥੀਆਂ ਨੂੰ ਸਿਰੋਪਾਓ ਪਾ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਣ ’ਤੇ ਸਨਮਾਨਿਤ ਕੀਤਾ ਅਤੇ ਪਾਰਟੀ ਵਿੱਚ ਉਨ੍ਹਾਂ ਦੀ ਹਰ ਤਰ੍ਹਾਂ ਦੀ ਕਦਰ ਅਤੇ ਇੱਜ਼ਤ ਮਾਣ ਕਰਨ ਦਾ ਭਰੋਸਾ ਦਿੱਤਾ।