7420 ਲਿਟਰ ਲਾਹਣ, ਨਾਜਾਇਜ਼ ਸ਼ਰਾਬ ਤੇ ਕਾਸਟਿਕ ਸੋਢਾ ਬਰਾਮਦ

ਪੁਲੀਸ ਨੇ 31 ਕੇਸ ਦਰਜ ਕਰ ਕੇ 13 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ

7420 ਲਿਟਰ ਲਾਹਣ, ਨਾਜਾਇਜ਼ ਸ਼ਰਾਬ ਤੇ ਕਾਸਟਿਕ ਸੋਢਾ ਬਰਾਮਦ

ਲਾਹਣ ਬਰਾਮਦ ਕਰਦੀ ਹੋਈ ਪਟਿਆਲਾ ਪੁਲੀਸ ਦੀ ਇੱਕ ਟੀਮ।

ਸਰਬਜੀਤ ਸਿੰਘ ਭੰਗੂ

ਪਟਿਆਲਾ, 2 ਅਗਸਤ 

ਤਰਨਤਾਰਨ ਖੇਤਰ ਵਿਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਮੱਦੇਨਜ਼ਰ, ਪਟਿਆਲਾ ਪੁਲੀਸ ਨੇ ਸ਼ਰਾਬ ਦਾ ਨਾਜਾਇਜ਼ ਧੰਦਾ ਕਰਨ ਵਾਲਿਆਂ ਦੇ ਖ਼ਿਲਾਫ਼ ਅੱਜ ਦੂਜੇ ਦਿਨ ਵੀ ਮੁਹਿੰਮ ਜਾਰੀ ਰੱਖੀ। ਪੁਲੀਸ ਵੱਲੋਂ ਪਟਿਆਲਾ, ਰਾਜਪੁਰਾ, ਦੇਵੀਗੜ੍ਹ, ਸਮਾਣਾ ਅਤੇ ਪਾਤੜਾਂ ਖੇਤਰਾਂ ਵਿਚਲੇ ਕਈ ਢਾਬਿਆਂ, ਮੈਰਿਜ ਪੈਲੇਸਾਂ ਅਤੇ ਗੋਦਾਮਾ ਸਮੇਤ ਕਈ ਪਿੰਡਾਂ ’ਚ ਛਾਪੇ ਮਾਰੇ। ਇਸ ਦੌਰਾਨ 7420 ਲਿਟਰ ਲਾਹਣ, 1212 ਬੋਤਲਾਂ ਹਰਿਆਣਾ ਮਾਰਕਾ ਸ਼ਰਾਬ, 600 ਲਿਟਰ ਕਾਸਟਿਕ ਸੋਢੇ ਸਮੇਤ ਸ਼ਰਾਬ ਕੱਢ ਰਹੀਆਂ ਚਾਰ ਚਾਲੂ ਭੱਠੀਆਂ ਵੀ ਬਰਾਮਦ ਕੀਤੀਆਂ ਹਨ।  

ਇਸ ਕਾਰਵਾਈ ਨੂੰ ਅੰਜਾਮ ਪਟਿਆਲਾ ਦੇ ਨਵੇਂ ਆਏ ਐੱਸ.ਐੱਸ.ਪੀ ਵਿਕਰਮਜੀਤ ਦੁੱਗਲ ਵੱਲੋਂ ਐੱਸਪੀ (ਡਿਟੈਕਟਿਵ) ਹਰਮੀਤ ਸਿੰਘ ਹੁੰਦਲ ਦੀ ਅਗਵਾਈ ਹੇਠ ਗਠਿਤ ਕੀਤੀਆਂ ਟੀਮਾਂ ਨੇ ਦਿੱਤਾ। ਪੁਲੀਸ ਐਕਸ਼ਨ ਸਬੰਧੀ ਅੱਜ ਦੇਰ ਸ਼ਾਮੀ ਪਟਿਆਲਾ ’ਚ ਪੱਤਰਕਾਰਾਂ ਨੂੰ ਜਾਣਕਾਰੀ  ਦਿੰਦਿਆਂ ਐੱਸਐੱਸਪੀ ਨੇ ਦੱਸਿਆ ਕਿ ਇਸ ਦੌਰਾਨ ਇੱਕ ਪਿੰਡ ਵਿਚੋਂ 3000 ਹਜ਼ਾਰ ਲਿਟਰ ਤੇ ਇਕ ਪਿੰਡ ਵਿਚੋਂ 2600 ਲਿਟਰ ਲਾਹਣ ਅਤੇ ਕੁਝ ਚਾਲੂ ਭੱਠੀਆਂ ਵੀ ਫੜੀਆਂ ਗਈਆਂ ਹਨ। ਇਹ ਦੇਸੀ ਸ਼ਰਾਬ ਬਣਾਉਣ ਲਈ ਲੋੜੀਂਦਾ ਮੈਟੀਰੀਅਲ (ਲਾਹਣ) ਮੁਲਜ਼ਮਾਂ ਨੇ ਢੋਲਾਂ ਵਿਚ ਪਾ ਕੇ ਛੱਪੜਾਂ,  ਖੇਤਾਂ ਅਤੇ ਘਰਾਂ ਆਦਿ ਥਾਂਵਾਂ ’ਤੇ ਧਰਤੀ ਹੇਠ ਦੱਬਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਜ਼ਿਲ੍ਹੇ ਭਰ ਵਿਚ 31 ਕੇਸ ਦਰਜ ਕਰਕੇ 13 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਬਾਕੀਆਂ ਦੀ ਤਲਾਸ਼ ਜਾਰੀ ਹੈ। ਇਸ ਦੌਰਾਨ ਪਟਿਆਲਾ ਦੇ ਡੀ.ਐਸ.ਪੀ. (ਡੀ) ਕ੍ਰਿਸ਼ਨ ਕੁਮਾਰ ਪਾਂਥੇ ਸਮੇਤ ਡੀਐਸਪੀਜ਼  ਤੇ ਇੰਸਪੈਕਟਰਜ਼ ਵੀ ਮੌਜੂਦ ਸਨ। 

ਬਰਾਮਦ ਕੀਤੀਆਂ ਨਸ਼ੀਲੀਆਂ ਵਸਤਾਂ ਦੇ ਵੇਰਵੇ

ਐੱਸਪੀ (ਡੀ) ਹਰਮੀਤ ਹੁੰਦਲ ਨੇ ਦੱਸਿਆ ਕਿ ਡਰੌਲੀ ਦੇ ਪ੍ਰਕਾਸ਼ ਰਾਮ ਤੋਂ 120 ਲਿਟਰ ਲਾਹਣ, ਕਵਿਤਾ ਦੇਵੀ ਤੋਂ 65 ਲੀਟਰ, ਅਚਰਾਲ ਖੁਰਦ ਦੀ ਜਸਵਿੰਦਰ ਕੌਰ ਤੋਂ 70 ਲਿਟਰ, ਸੋਹਨ ਸਿੰਘ ਤੋਂ 150 ਲਿਟਰ, ਭੋਲਾ ਸਿੰਘ ਤੋਂ 70 ਲਿਟਰ, ਮੱਖਣ ਸਿੰਘ ਤੋਂ 120 ਲਿਟਰ, ਮੇਲੋ ਤੋਂ 100 ਲਿਟਰ ਲਾਹਣ ਅਤੇ 15 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਮਰੌੜੀ ਦੇ ਚੰਨਾ ਸਿੰਘ ਤੋਂ 35 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦਗੀ ਕੀਤੀ। ਇਸੇ ਤਰਾਂ ਥਾਣਾ ਕੋਤਵਾਲੀ ਪਟਿਆਲਾ ਦੀ ਪੁਲੀਸ ਨੇ ਮਨਜਿੰਦਰ ਸਿੰਘ ਭਾਂਖਰ ਤੇ ਮਿੱਠੂ ਵਾਸੀ ਭੱਠਲਾਂ ਤੋਂ 300 ਬੋਤਲਾਂ ਸ਼ਰਾਬ, ਰਾਜੇਸ਼ ਕੁਮਾਰ ਸ਼ਰਮਾ ਤੋਂ 9 ਬੋਤਲਾਂ ਅਤੇ ਥਾਣਾ ਅਰਬਨ ਅਸਟੇਟ ਪਟਿਆਲਾ ਦੀ ਪੁਲੀਸ ਨੇ ਸਤਨਾਮ ਸਿੰਘ ਵਾਸੀ ਸ਼ਾਂਤੀ ਨਗਰ ਤੋਂ 80 ਬੋਤਲਾਂ ਸ਼ਰਾਬ ਸਮੇਤ ਸਮਾਣਾ ਪੁਲੀਸ ਨੇ ਇੱਕ ਕਾਰ ’ਚੋਂ 300 ਬੋਤਲਾਂ ਸ਼ਰਾਬ ਬਰਾਮਦ ਕੀਤੀ ਹਨ। ਸਾਰੀ ਬਰਾਮਦ ਸ਼ਰਾਬ ਹਰਿਆਣਾ ਮਾਰਕਾ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All