Sant Attar Singh Memorial Teacher Award: ਟੀਚਿੰਗ ਤੇ ਨਾਨ-ਟੀਚਿੰਗ ਸਟਾਫ ਦਾ ਸਨਮਾਨ
ਸਕੂਲਾਂ ਤੇ ਕਾਲਜਾਂ ਦੇ ਦੋ ਦਰਜਨ ਦੇ ਕਰੀਬ ਅਧਿਆਪਕਾਂ ਨੂੰ ਐਵਾਰਡ ਦਿੱਤੇ
ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਸੰਗਰੂਰ ਵੱਲੋਂ ਸੰਤ ਬਾਬਾ ਅਤਰ ਸਿੰਘ ਦੇ 100 ਸਾਲਾ ਬਰਸੀ ਸਮਾਗਮ ਨੂੰ ਲੈ ਕੇ ਅਧਿਆਪਕ ਦਿਵਸ ਨੂੰ ਸਮਰਪਿਤ ਕਰਵਾਏ ਗਏ ਸਨਮਾਨ ਸਮਾਰੋਹ ਦੌਰਾਨ ਵੱਖ-ਵੱਖ ਸਕੂਲਾਂ ਤੇ ਕਾਲਜਾਂ ਦੇ ਦੋ ਦਰਜਨ ਦੇ ਕਰੀਬ ਅਧਿਆਪਕਾਂ ਨੂੰ ‘ਸੰਤ ਅਤਰ ਸਿੰਘ ਯਾਦਗਾਰੀ ਅਧਿਆਪਕ ਐਵਾਰਡ’ ਨਾਲ ਸਨਮਾਨਿਤ ਕਰਨ ਦੇ ਨਾਲ-ਨਾਲ ਅਕਾਲ ਕਾਲਜ ਕੌਂਸਲ ਅਧੀਨ ਚੱਲ ਰਹੀਆਂ ਵਿਦਿਅਕ ਸੰਸਥਾਵਾਂ ਦੇ ਪ੍ਰਿੰਸੀਪਲਾਂ, ਡਾਇਰੈਕਟਰਾਂ ਸਮੇਤ ਕਰੀਬ 350 ਟੀਚਿੰਗ ਤੇ ਨਾਨ-ਟੀਚਿੰਗ ਸਟਾਫ ਮੈਂਬਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਕਿਹਾ ਕਿ ਅਧਿਆਪਕ ਸਿਰਫ਼ ਵਿਦਿਆ ਦੇਣ ਵਾਲਾ ਨਹੀਂ, ਸਗੋਂ ਵਿਦਿਆਰਥੀਆਂ ਦੇ ਜੀਵਨ ਨੂੰ ਸਹੀ ਦਿਸ਼ਾ ਦੇਣ ਵਾਲਾ ਚਾਨਣ ਮੁਨਾਰਾ ਹੁੰਦਾ ਹੈ।
ਵਿਸ਼ੇਸ਼ ਮਹਿਮਾਨ ਰਾਜਬੀਰ ਸਿੰਘ ਭੰਗੂ, ਸਹਾਇਕ ਕਮਿਸ਼ਨਰ ਸੰਗਰੂਰ ਨੇ ਕਿਹਾ ਕਿ ਸਮਾਜ ਦੀ ਤਰੱਕੀ ਦੀ ਮਜ਼ਬੂਤ ਨੀਂਹ ਸਿੱਖਿਆ ਅਤੇ ਅਧਿਆਪਕਾਂ ਦੀ ਮਿਹਨਤ ’ਤੇ ਟਿਕੀ ਹੁੰਦੀ ਹੈ। ਪਹਿਲਾਂ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਦੀ ਪ੍ਰਿੰਸੀਪਲ ਡਾ. ਅਮਨਦੀਪ ਕੌਰ ਨੇ ਸੰਤ ਅਤਰ ਸਿੰਘ ਦੇ ਜੀਵਨ, ਉਨ੍ਹਾਂ ਦੀ ਵਿੱਦਿਆ ਪ੍ਰਤੀ ਸੋਚ ਅਤੇ ਕੌਂਸਲ ਅਧੀਨ ਚੱਲ ਰਹੀਆਂ ਵਿਦਿਅਕ ਸੰਸਥਾਵਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਜਥੇਦਾਰ ਬਲਦੇਵ ਸਿੰਘ ਭੰਮਾਵਦੀ, ਗੁਰਜੰਟ ਸਿੰਘ ਦੁੱਗਾਂ, ਲਾਭ ਸਿੰਘ ਸੰਧੂ, ਹਰਿੰਦਰਵੀਰ ਸਿੰਘ ਕਾਕਾ ਫ਼ਤਹਿਗੜ੍ਹ, ਹਰਜੀਤ ਸਿੰਘ ਸੰਜੂਮਾ, ਗਮਦੂਰ ਸਿੰਘ, ਸਿਆਸਤ ਸਿੰਘ, ਡਾ. ਜਤਿੰਦਰ ਦੇਵ, ਡਾ. ਗੁਰਵੀਰ ਸਿੰਘ ਸੋਹੀ, ਇੰਜੀ. ਸੁਖਵਿੰਦਰ ਸਿੰਘ ਭੱਠਲ, ਡਾ. ਅਮਨਦੀਪ ਕੌਰ, ਡਾ. ਸੁਖਦੀਪ ਕੌਰ ਹਾਜ਼ਰ ਸਨ।

