Sangrur District Jail Death: ਜੇਲ੍ਹ ’ਚ ਬੰਦ ਹਵਾਲਾਤੀ ਦੀ ਮੌਤ
ਪਰਿਵਾਰ ਨੇ ਪੁਲੀਸ ਤੇ ਜੇਲ੍ਹ ਪ੍ਰਸ਼ਾਸਨ ’ਤੇ ਚੁੱਕੇ ਸਵਾਲ
ਸਥਾਨਕ ਜ਼ਿਲ੍ਹਾ ਜੇਲ੍ਹ ਵਿੱਚ ਹਵਾਲਾਤੀ ਦੀ ਮੌਤ ਹੋ ਗਈ। ਮ੍ਰਿਤਕ ਧੂਰੀ ਸ਼ਹਿਰ ਦਾ ਵਾਸੀ ਸੀ ਜੋ ਨਸ਼ਿਆਂ ਦੇ ਮਾਮਲੇ ਵਿੱਚ ਦਰਜ ਕੇਸ ਸਬੰਧੀ ਜੇਲ੍ਹ ਵਿੱਚ ਬੰਦ ਸੀ। ਮ੍ਰਿਤਕ ਦੀ ਪਤਨੀ ਨੇ ਪੁਲੀਸ ਵਲੋਂ ਦਰਜ ਕੇਸ ਅਤੇ ਜੇਲ੍ਹ ਪ੍ਰਸ਼ਾਸ਼ਨ ਉਪਰ ਸਵਾਲ ਖੜ੍ਹੇ ਕੀਤੇ ਹਨ ਜਦੋਂ ਕਿ ਪੁਲੀਸ ਅਤੇ ਜੇਲ ਪ੍ਰਸ਼ਾਸ਼ਨ ਨੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ। ਮ੍ਰਿਤਕ ਦੀ ਪਤਨੀ ਦੀਪਿਕਾ ਵਾਸੀ ਧੂਰੀ ਨੇ ਦੱਸਿਆ ਕਿ 27 ਅਗਸਤ ਨੂੰ ਉਸ ਦਾ ਪਤੀ ਵਿਸ਼ਵਦੀਪ ਸ਼ਰਮਾ ਸਿਵਲ ਹਸਪਤਾਲ ਧੂਰੀ ਦੇ ਓਟ ਸੈਂਟਰ ਤੋਂ ਮਿਲਣ ਵਾਲੀ ਨਸ਼ਾ ਮੁਕਤ ਹੋਣ ਦੀ ਦਵਾਈ ਲੈਣ ਗਿਆ ਸੀ। ਉਥੇ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਦੇ ਪਤੀ ਸਣੇ ਚਾਰ ਜਣਿਆਂ ਖ਼ਿਲਾਫ਼ ਨਸ਼ੀਲੀਆਂ ਗੋਲੀਆਂ ਬਰਾਮਦ ਹੋਣ ਦੇ ਦੋਸ਼ ਹੇਠ ਝੂਠਾ ਕੇਸ ਦਰਜ ਕਰ ਕੇ ਜੇਲ੍ਹ ਭੇਜ ਦਿੱਤਾ। ਉਸ ਨੇ ਦੋਸ਼ ਲਾਇਆ ਕਿ ਜੇਲ੍ਹ ਵਿਚ ਉਸ ਦੇ ਪਤੀ ਦੀ ਸਿਹਤ ਖਰਾਬ ਹੋਣ ਦੇ ਬਾਵਜੂਦ ਲੋੜੀਂਦਾ ਇਲਾਜ ਨਹੀਂ ਕਰਵਾਇਆ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਪੂਰੇ ਮਾਮਲੇ ਦੀ ਜਾਂਚ ਕਰਾਉਣ ਦੀ ਮੰਗ ਕੀਤੀ। ਜੇਲ੍ਹ ਸੁਪਰਡੈਂਟ ਰਮਨਦੀਪ ਸਿੰਘ ਭੰਗੂ ਨੇ ਮ੍ਰਿਤਕ ਦੀ ਪਤਨੀ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਹਵਾਲਾਤੀ ਵਿਸ਼ਵਦੀਪ ਦੀ ਸਿਹਤ ਵਿਗੜ ਜਾਣ ਕਾਰਨ ਉਸ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਸੀ,ਜਿਥੇ ਡਾਕਟਰਾਂ ਵੱਲੋਂ ਮ੍ਰਿਤਕ ਐਲਾਨ ਦਿੱਤਾ ਗਿਆ। ਪੋਸਟਮਾਰਟਮ ਰਿਪੋਰਟ ਵਿਚ ਮੌਤ ਦੇ ਕਾਰਨਾਂ ਬਾਰੇ ਸਪੱਸ਼ਟ ਹੋ ਸਕੇਗਾ। ਉਧਰ, ਡੀ ਐੱਸ ਪੀ ਧੂਰੀ ਗੁਰਪ੍ਰੀਤ ਸਿੰਘ ਨੇ ਮ੍ਰਿਤਕ ਦੀ ਪਤਨੀ ਵੱਲੋਂ ਲਾਏ ਜਾ ਰਹੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ। ਥਾਣਾ ਸਿਟੀ-1 ਸੰਗਰੂਰ ਦੇ ਇੰਚਾਰਜ ਸੁਖਦੀਪ ਸਿੰਘ ਨੇ ਦੱਸਿਆ ਕਿ ਪੋਸਟਮਾਰਟਮ ਕਰਵਾਉਣ ਮਗਰੋਂ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ।

