ਕਾਲਕਾ ਰੋਡ ’ਤੇ ਆਵਾਜਾਈ ਰੋਕੀ
ਇੱਥੇ ਕਾਲਕਾ ਰੋਡ ਸਥਿਤ ਗੁਰਦੁਆਰਾ ਸ੍ਰੀ ਰਵਿਦਾਸ ਮਹਾਰਾਜ ’ਤੇ ਕਥਿਤ ਜਬਰੀ ਕਬਜ਼ੇ ਅਤੇ ਦਫ਼ਤਰ ਦੇ ਤਾਲੇ ਤੋੜਨ ਦੇ ਮਾਮਲੇ ’ਚ ਅੱਜ ਸੰਗਤ ਵੱਲੋਂ ਮੁਜ਼ਾਹਰਾ ਕੀਤਾ ਗਿਆ। ਸੰਗਤ ਨੇ ਪ੍ਰਧਾਨ ਪਰਮਜੀਤ ਸਿੰਘ ਮਾਹੀ ਦੀ ਅਗਵਾਈ ਹੇਠ ਕਾਲਕਾ ਰੋਡ ’ਤੇ ਧਰਨਾ ਦੇ...
ਇੱਥੇ ਕਾਲਕਾ ਰੋਡ ਸਥਿਤ ਗੁਰਦੁਆਰਾ ਸ੍ਰੀ ਰਵਿਦਾਸ ਮਹਾਰਾਜ ’ਤੇ ਕਥਿਤ ਜਬਰੀ ਕਬਜ਼ੇ ਅਤੇ ਦਫ਼ਤਰ ਦੇ ਤਾਲੇ ਤੋੜਨ ਦੇ ਮਾਮਲੇ ’ਚ ਅੱਜ ਸੰਗਤ ਵੱਲੋਂ ਮੁਜ਼ਾਹਰਾ ਕੀਤਾ ਗਿਆ। ਸੰਗਤ ਨੇ ਪ੍ਰਧਾਨ ਪਰਮਜੀਤ ਸਿੰਘ ਮਾਹੀ ਦੀ ਅਗਵਾਈ ਹੇਠ ਕਾਲਕਾ ਰੋਡ ’ਤੇ ਧਰਨਾ ਦੇ ਕੇ ਸੜਕ ਜਾਮ ਕਰ ਦਿੱਤੀ, ਜਿਸ ਕਾਰਨ ਦੋਵੇਂ ਪਾਸਿਆਂ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਪ੍ਰਦਰਸ਼ਨ ਦੌਰਾਨ ਸੰਗਤ ਵੱਲੋਂ ਐਮਬੂਲੈਂਸ ਅਤੇ ਹੋਰ ਐਮਰਜੈਂਸੀ ਸੇਵਾਵਾਂ ਵਾਲੇ ਵਾਹਨਾਂ ਨੂੰ ਹੀ ਲੰਘਣ ਦਿੱਤਾ ਗਿਆ। ਇਸ ਦੌਰਾਨ ਮੌਕੇ ’ਤੇ ਪੁਲੀਸ ਪਾਰਟੀ ਸਮੇਤ ਥਾਣਾ ਸਿਟੀ ਮੁਖੀ ਗੁਰਸੇਵਕ ਸਿੰਘ ਸਿੱਧੂ ਵੀ ਪਹੁੰਚੇ, ਜਿਨ੍ਹਾਂ ਵੱਲੋਂ ਮੁਲਜ਼ਮਾਂ ਖਿਲਾਫ ਜਲਦੀ ਮੁਕੱਦਮਾ ਦਰਜ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਭਰੋਸੇ ਮਗਰੋਂ ਸੰਗਤ ਨੇ ਅਰਦਾਸ ਕਰ ਕੇ ਧਰਨਾ ਸਮਾਪਤ ਕਰ ਦਿੱਤਾ। ਟਰੱਸਟ ਦੇ ਬੁਲਾਰੇ ਐਡਵੋਕੇਟ ਰਵਿੰਦਰ ਸਿੰਘ ਨੇ ਦੱਸਿਆ ਕਿ 8 ਸਤੰਬਰ 2025 ਨੂੰ ਕੁਝ ਦੁਕਾਨਦਾਰਾਂ ਨੇ ਮੌਜੂਦਾ ਚੁਣੀ ਕਮੇਟੀ ਦੀ ਸਹਿਮਤੀ ਤੋਂ ਬਿਨਾਂ ਇਕ ਹੋਰ ਕਮੇਟੀ ਬਣਾਈ ਅਤੇ ਅਦਾਲਤ ਵਿੱਚ ਚੱਲ ਰਹੀ ਪਟੀਸ਼ਨ ਨੂੰ ਵਾਪਸ ਲੈਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਬਾਅਦ ਵਿੱਚ ਕੁਝ ਵਿਅਕਤੀਆਂ ਨੇ ਗੈਰ-ਕਾਨੂੰਨੀ ਤਰੀਕੇ ਨਾਲ ਚਾਬੀਆਂ ਤਿਆਰ ਕਰ ਕੇ ਦਫਤਰ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੱਸਿਆ ਕਿ 26 ਮਾਰਚ 2026 ਨੂੰ ਅੰਦਰਲੇ ਦਫਤਰ ਦੇ ਤਾਲੇ ਕੱਟ ਕੇ ਜਬਰੀ ਕਬਜ਼ਾ ਕੀਤਾ ਗਿਆ। ਇਸ ਸਬੰਧੀ ਮੌਜੂਦਾ ਕਮੇਟੀ ਵੱਲੋਂ ਡੀ ਐੱਸ ਪੀ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਸੀ, ਪਰ ਕੋਈ ਕਾਰਵਾਈ ਨਾ ਹੋਣ ਕਾਰਨ ਸੰਗਤ ਨੇ ਧਰਨਾ ਦੇਣ ਦਾ ਫ਼ੈਸਲਾ ਕੀਤਾ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਪੁਲੀਸ ਨੇ ਵਾਅਦਾ ਪੂਰਾ ਨਾ ਕੀਤਾ ਤਾਂ ਗਗਨ ਚੌਕ ’ਤੇ ਧਰਨਾ ਲਾ ਕੇ ਕੌਮੀ ਮਾਰਗ ਜਾਮ ਕੀਤਾ ਜਾਵੇਗਾ।

