Sandaur Market Committee,ਹਥਨ ਦੀ ਕੁਰਸੀ ’ਤੇ ਖਤਰੇ ਦੇ ਬੱਦਲ ਛਾਏ
ਮਾਰਕੀਟ ਕਮੇਟੀਆਂ ਦੇ ਨਵੇਂ ਨਿਯੁਕਤ ਚੇਅਰਮੈਨਾਂ ਬਾਰੇ ਮੰਡੀ ਬੋਰਡ ਨੇ ਡੀ ਸੀ ਤੋਂ ਰਿਪੋਰਟ ਮੰਗੀ
ਪੰਜਾਬ ਰਾਜ ਮੰਡੀ ਬੋਰਡ ਨੇ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ 23 ਅਗਸਤ ਨੂੰ 22 ਜ਼ਿਲ੍ਹਿਆਂ ਦੀਆਂ 76 ਮਾਰਕੀਟ ਕਮੇਟੀਆਂ ਦੇ ਨਿਯੁਕਤ ਕੀਤੇ ਚੇਅਰਮੈਨਾਂ ਬਾਰੇ ਸਬੰਧਤ ਡਿਪਟੀ ਕਮਿਸ਼ਨਰਾਂ ਕੋਲੋਂ ਪੂਰੇ ਦਸਤਾਵੇਜਾਂ ਸਣੇ ਸਵੈ ਸਪੱਸ਼ਟ ਰਿਪੋਰਟ ਮੰਗੀ ਹੈ। ਬੋਰਡ ਦੇ ਡਿਪਟੀ ਜਨਰਲ ਮੈਨੇਜ਼ਰ (ਮਾਰਕੀਟਿੰਗ) ਵੱਲੋਂ ਮੰਗੀ ਇਸ ਰਿਪੋਰਟ ਵਿਚ ਨਾਮਜ਼ਦ ਚੇਅਰਮੈਨ ਦੇ ਪੱਕੇ ਪਤੇ ਸਣੇ ਸਬੰਧਤ ਮਾਰਕੀਟ ਕਮੇਟੀ ਏਰੀਆ ਦਾ ਵਾਸੀ ਹੋਣ ਦੇ ਦਸਤਾਵੇਜ਼ ਵੀ ਭੇਜਣ ਲਈ ਕਿਹਾ ਗਿਆ ਹੈ। ਮੰਡੀ ਬੋਰਡ ਵੱਲੋਂ ਭੇਜੇ ਇਸ ਪੱਤਰ ਨੇ ਵਿਧਾਨ ਸਭਾ ਹਲਕਾ ਮਾਲੇਰਕੋਟਲਾ ’ਚ ਸੱਤਾਧਾਰੀ ਆਮ ਆਦਮੀ ਪਾਰਟੀ ਅੰਦਰ ਖਲਬਲੀ ਮਚਾ ਦਿੱਤੀ ਹੈ। ਮੁੱਖ ਮੰਤਰੀ ਵੱਲੋਂ 23 ਅਗਸਤ ਨੂੰ ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਸੰਦੀਪ ਸਿੰਘ ਹਥਨ ਨੂੰ ਮਾਰਕੀਟ ਕਮੇਟੀ ਸੰਦੌੜ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ ਜਿਸ ਦਾ ਪਿੰਡ ਹਥਨ ਮਾਰਕੀਟ ਕਮੇਟੀ ਮਾਲੇਰਕੋਟਲਾ ਅਧੀਨ ਆਉਂਦਾ ਹੈ। ਮੰਗੀ ਰਿਪੋਰਟ ਪਿੱਛੋਂ ਸੰਦੀਪ ਸਿੰਘ ਹਥਨ ਦੀ ਚੇਅਰਮੈਨੀ ’ਤੇ ਖਤਰੇ ਦੇ ਬੱਦਲ ਮੰਡਰਾਉਣ ਲੱਗੇ ਹਨ। ਜ਼ਿਕਰਯੋਗ ਹੈ ਕਿ ਹਲਕੇ ਦੇ ਕਈ ਪਾਰਟੀ ਆਗੂਆਂ ਵੱਲੋਂ ਮੁੱਖ ਮੰਤਰੀ ਅਤੇ ਖੇਤੀ ਮੰਤਰੀ ਸਣੇ ਪਾਰਟੀ ਹਾਈਕਮਾਂਡ ਤੱਕ ਪੱਤਰ ਭੇਜ ਕੇ ਮਾਰਕੀਟ ਕਮੇਟੀ ਸੰਦੌੜ ਦੇ ਦਾਇਰੇ ਤੋਂ ਬਾਹਰੀ ਵਿਅਕਤੀ ਨੂੰ ਚੇਅਰਮੈਨ ਨਿਯੁਕਤ ਕਰਨ ’ਤੇ ਇਤਰਾਜ਼ ਪ੍ਰਗਟ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਹਲਕਾ ਵਿਧਾਇਕ ਡਾ. ਜਮੀਲ ਉਰ ਰਹਿਮਾਨ ਵੱਲੋਂ ਸੰਦੀਪ ਸਿੰਘ ਹਥਨ ਨੂੰ ਮਾਰਕੀਟ ਕਮੇਟੀ ਸੰਦੌੜ ਦਾ ਚੇਅਰਮੈਨ ਨਿਯੁਕਤ ਕਰਨ ਦੀ ਸਿਫਾਰਸ਼ ਨਹੀਂ ਕੀਤੀ ਗਈ। ਰਿਪੋਰਟ ਮੰਗਣ ’ਤੇ ਅਮਰਗੜ੍ਹ ਹਲਕੇ ਦੇ ‘ਆਪ’ ਆਗੂਆਂ ਵਿੱਚ ਘੁਸਰ-ਮੁਸਰ ਸ਼ੁਰੂ ਹੋ ਗਈ ਹੈ।

