ਸਮਾਣਾ ਪੁਲੀਸ ਵੱਲੋਂ ਵੱਡੀ ਮਾਤਰਾ ’ਚ ਲਾਹਣ ਤੇ ਨਾਜਾਇਜ਼ ਸ਼ਰਾਬ ਬਰਾਮਦ

ਸਮਾਣਾ ਪੁਲੀਸ ਵੱਲੋਂ ਵੱਡੀ ਮਾਤਰਾ ’ਚ ਲਾਹਣ ਤੇ ਨਾਜਾਇਜ਼ ਸ਼ਰਾਬ ਬਰਾਮਦ

ਥਾਣਾ ਮੁਖੀ ਅੰਕੁਰਦੀਪ ਤੇ ਟੀਮ ਲਾਹਣ, ਨਾਜਾਇਜ਼ ਸ਼ਰਾਬ ਤੇ ਭੱਠੀ ਦਾ ਸਾਮਾਨ ਬਰਾਮਦ ਕਰਕੇ ਲਿਜਾਂਦੇ ਹੋਏ।

ਨਿੱਜੀ ਪੱਤਰ ਪ੍ਰੇਰਕ

ਸਮਾਣਾ, 18 ਜਨਵਰੀ

ਥਾਣਾ ਸਦਰ ਸਮਾਣਾ ਦੇ ਐੱਚਐੱਚਓ ਅੰਕੁਰਦੀਪ ਸਿੰਘ ਦੀ ਅਗਵਾਈ ਹੇਠਲੀ ਪੁਲੀਸ ਟੀਮ ਵੱਲੋਂ 1200 ਲਿਟਰ ਲਾਹਣ ਤੇ 20 ਬੋਤਲਾਂ ਨਾਜਾਇਜ਼ ਸ਼ਰਾਬ ਸਣੇ ਦੇਸੀ (ਘਰ ਦੀ) ਸ਼ਰਾਬ ਤਿਆਰ ਕਰਨ ਵਾਲ਼ੀ ਭੱਠੀ ਸਮੇਤ ਹੋਰ ਸਾਜ਼ੋ-ਸਾਮਾਨ ਬਰਾਮਦ ਕੀਤਾ ਹੈ। ਸਮਾਣਾ ਦੇ ਡੀਐੱਸਪੀ ਜਸਵੰਤ ਸਿੰਘ ਮਾਂਗਟ ਨੇ ਦੱਸਿਆ ਕਿ ਇਹ ਕਾਰਵਾਈ ਸ਼ਰਾਬ ਦਾ ਨਾਜਾਇਜ਼ ਕਾਰੋਬਾਰ ਕਰਨ ਵਾਲ਼ਿਆਂ ਖ਼ਿਲਾਫ਼ ਪਟਿਆਲਾ ਦੇ ਐੱਸਐੱਸਪੀ ਵਿਕਰਮਜੀਤ ਦੁੱਗਲ ਦੇ ਆਦੇਸ਼ਾਂ ’ਤੇ ਕੀਤੀ ਗਈ। ਉਨ੍ਹਾਂ ਦੱਸਿਆ ਕਿ ਥਾਣਾ ਸਦਰ ਸਮਾਣਾ ਦੇ ਐੱਚਐੱਚਓ ਅੰਕੁਰਦੀਪ ਸਿੰਘ ਤੇ ਹੋਰ ਪੁਲੀਸ ਫੋਰਸ ਨੇ ਇਲਾਕੇ ਦੇ ਵੱਖ ਵੱਖ ਖੇਤਰਾਂ ’ਚ ਅੱਜ ਸਰਚ ਅਪਰੇਸ਼ਨ ਚਲਾਇਆ। ਜਿਸ ਦੌਰਾਨ ਪੁਲੀਸ ਮੁਲਾਜ਼ਮਾਂ ਨੇ ਘੱਗਰ ਦਰਿਆ ਦੇ ਕੰਢੇ ਸਥਿਤ ਰਤਨਹੇੜੀ ਘਾਟ ਬਾਹੱਦ ਪਿੰਡ ਰਤਨਹੇੜੀ ਤੋਂ 1200 ਲਿਟਰ ਲਾਹਣ ਤੇ 20 ਬੋਤਲਾਂ ਨਾਜਾਇਜ਼ ਸ਼ਰਾਬ ਤੇ ਭੱਠੀ ਦਾ ਸਾਮਾਨ ਬਰਾਮਦ ਕੀਤਾ। ਮੰਗਾ ਸਿੰਘ ਤੇ ਸੁੱਖਾ ਸਿੰਘ ਵਾਸੀਆਨ ਮਰੌੜੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

ਭੁੱਕੀ, ਗਾਂਜਾ ਅਤੇ ਅਫੀਮ ਬਰਾਮਦ

ਪਟਿਆਲਾ (ਸਰਬਜੀਤ ਸਿੰਘ ਭੰਗੂ) ਸੀਨੀਅਰ ਕਪਤਾਨ ਪੁਲੀਸ ਪਟਿਆਲਾ ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਪਟਿਆਲਾ ਪੁਲੀਸ ਵੱਲੋਂ ਹਫਤੇ ਦੌਰਾਨ ਐੱਨਡੀਪੀਐੱਸ ਐਕਟ ਤਹਿਤ 10 ਕੇਸ ਦਰਜ ਕੀਤੇ ਗਏ। ਜਿਸ ਦੌਰਾਨ 25 ਕਿਲੋ ਭੁੱਕੀ, 8 ਕਿਲੋ ਗਾਂਜਾ, 228 ਗ੍ਰਾਮ ਅਫੀਮ, 46 ਗ੍ਰਾਮ ਸਮੈਕ ਤੇ 8356 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਜਦੋਂਕਿ 22 ਕੇਸ ਦਰਜ ਕਰਕੇ 797 ਬੋਤਲਾਂ ਨਾਜਾਇਜ਼ ਸ਼ਰਾਬ ਤੇ 3515 ਲੀਟਰ ਲਾਹਣ ਬਾਮਦ ਕੀਤਾ ਗਿਆ ਹੈ। ਇਸੇ ਤਰ੍ਹਾਂ ਜੂਆ ਐਕਟ ਤਹਿਤ 6 ਕੇਸ ਦਰਜ ਕਰਦਿਆਂ, ਪੁਲੀਸ ਨੇ 13710 ਰੁਪਏ ਬਰਾਮਦ ਕੀਤੇ। ਅਸਲਾ ਐਕਟ ਤਹਿਤ ਦਰਜ ਇੱਕ ਕੇਸ ਦਰਜ ਕੀਤਾ ਗਿਆ ਹੈ, ਕੇਸ ’ਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ 32 ਬੋਰ ਦਾ ਇੱਕ ਪਸਤੌਲ, 2 ਖਾਲੀ ਮੈਗਜੀਨ ਤੇ 7 ਕਾਰਤੂਸ ਬਰਾਮਦ ਕੀਤੇ ਗਏ।  ਇਸੇ ਤਰ੍ਹਾਂ ਮਾਈਨਿੰਗ ਐਕਟ ਤਹਿਤ ਇੱਕ ਕੇਸ ਦਰਜ ਕਰਕੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਿਨ੍ਹਾਂ ਪਾਸੋਂ ਇੱਕ ਜੇਸੀਬੀ ਮਸ਼ੀਨ ਤੇ ਇੱਕ  ਟਿੱਪਰ ਵੀ ਬਰਾਮਦ ਕੀਤਾ ਗਿਆ। ਪਟਿਆਲਾ ਪੁਲੀਸ ਵੱਲੋਂ ਵੱਖ ਵੱਖ ਕੇਸਾਂ ’ਚ ਲੋੜੀਂਦੇ 3 ਭਗੌੜੇ ਵੀ ਗ੍ਰਿਫ਼ਤਾਰ ਕੀਤੇ ਗਏ।  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All