ਸਮਾਣਾ ਬੰਦ ਨੂੰ ਮਿਲਿਆ ਭਰਵਾਂ ਹੁੰਗਾਰਾ
ਧਰਮ ਗ੍ਰੰਥਾਂ ਦੀ ਬੇਅਦਬੀ ਰੋਕਣ ਲਈ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਚੌਕ ਵਿੱਚ ਲਗਾਏ ਗਏ ਧਰਨੇ ਦੇ ਸੱਤਵੇਂ ਦਿਨ ਧਰਮ ਯੁੱਧ ਮੋਰਚਾ ਦੀ ਕਮੇਟੀ ਵੱਲੋਂ ਸੋਮਵਾਰ ਨੂੰ ਦਿੱਤਾ ਗਿਆ ‘ਸਮਾਣਾ ਬੰਦ’ ਦਾ ਸੱਦਾ...
ਧਰਮ ਗ੍ਰੰਥਾਂ ਦੀ ਬੇਅਦਬੀ ਰੋਕਣ ਲਈ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਚੌਕ ਵਿੱਚ ਲਗਾਏ ਗਏ ਧਰਨੇ ਦੇ ਸੱਤਵੇਂ ਦਿਨ ਧਰਮ ਯੁੱਧ ਮੋਰਚਾ ਦੀ ਕਮੇਟੀ ਵੱਲੋਂ ਸੋਮਵਾਰ ਨੂੰ ਦਿੱਤਾ ਗਿਆ ‘ਸਮਾਣਾ ਬੰਦ’ ਦਾ ਸੱਦਾ ਪੂਰੀ ਤਰ੍ਹਾਂ ਸਫਲ ਰਿਹਾ। ਬੰਦ ਦੌਰਾਨ ਸ਼ਹਿਰ ਦੇ ਸਾਰੇ ਬਾਜ਼ਾਰ ਅਤੇ ਦੁਕਾਨਾਂ ਮੁਕੰਮਲ ਰੂਪ ਵਿੱਚ ਬੰਦ ਰਹੀਆਂ।
ਇਸ ਮੌਕੇ ਕਮੇਟੀ ਦੀ ਅਗਵਾਈ ਹੇਠ ਸਿੱਖ ਜਥੇਬੰਦੀਆਂ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਰੋਸ ਮਾਰਚ ਕੀਤਾ ਗਿਆ। ਇਸ ਰੋਸ ਮਾਰਚ ਵਿੱਚ ਸੈਂਕੜੇ ਮਰਦ ਅਤੇ ਔਰਤਾਂ ਬਸੰਤੀ ਰੰਗ ਦੇ ਝੰਡੇ ਲੈ ਕੇ ਸ਼ਾਮਲ ਹੋਏ। ਬਾਬਾ ਬੰਦਾ ਸਿੰਘ ਬਹਾਦਰ ਚੌਕ ਤੋਂ ਸ਼ੁਰੂ ਹੋਇਆ ਰੋਸ ਮਾਰਚ ਸ਼ਹਿਰ ਦੀਆਂ ਮੁੱਖ ਸੜਕਾਂ ਅਤੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਵਾਪਸ ਧਰਨਾ ਸਥਾਨ ’ਤੇ ਪਹੁੰਚ ਕੇ ਸਮਾਪਤ ਹੋਇਆ। ਰੋਸ ਮਾਰਚ ਦੌਰਾਨ ਪ੍ਰਦਰਸ਼ਨਕਾਰੀਆਂ ਨੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਆਪਣਾ ਰੋਸ ਪ੍ਰਗਟ ਕੀਤਾ।
ਧਰਨੇ ਨੂੰ ਸੰਬੋਧਨ ਕਰਦਿਆਂ ਮੋਰਚਾ ਕਮੇਟੀ ਦੇ ਕੋ-ਆਰਡੀਨੇਟਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਮਾਣਾ ਵਾਸੀਆਂ ਨੇ ਮੁਕੰਮਲ ਬੰਦ ਰੱਖ ਕੇ ਅਤੇ ਰੋਸ ਮਾਰਚ ਵਿੱਚ ਸ਼ਾਮਲ ਹੋ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਬੇਅਦਬੀ ਵਿਰੁੱਧ ਕਾਨੂੰਨ ਬਣਾਉਣ ਦੀ ਮੰਗ ਦਾ ਪੂਰਨ ਸਮਰਥਨ ਕਰਦੇ ਹਨ। ਪਿਛਲੇ 520 ਦਿਨਾਂ ਤੋਂ 400 ਫੁੱਟ ਉੱਚੇ ਬੀ ਐੱਸ ਐੱਨ ਐੱਲ ਟਾਵਰ ’ਤੇ ਬੈਠੇ ਗੁਰਜੀਤ ਸਿੰਘ ਖਾਲਸਾ ਦੀ ਮੰਗ ਜਾਇਜ਼ ਹੈ ਅਤੇ ਪੰਜਾਬ ਸਰਕਾਰ ਨੂੰ ਹੁਣ ਬਿਨਾਂ ਕਿਸੇ ਦੇਰੀ ਦੇ ਸਖ਼ਤ ਕਾਨੂੰਨ ਬਣਾਉਣਾ ਚਾਹੀਦਾ ਹੈ। ਇਸ ਦੌਰਾਨ ਸ਼ਹਿਰ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਡੀ ਐੱਸ ਪੀ ਸਮਾਣਾ ਫਤਹਿ ਸਿੰਘ ਬਰਾੜ ਦੀ ਅਗਵਾਈ ਹੇਠ ਭਾਰੀ ਪੁਲਸ ਫੋਰਸ ਤਾਇਨਾਤ ਰਹੀ।

