ਇੱਥੋਂ ਦੇ ਚਰਚਿਤ ਯਾਦਵਿੰਦਰਾ ਪਬਲਿਕ ਸਕੂਲ (ਵਾਈ ਪੀ ਐੱਸ) ਦੇ ਚੌਥਾ ਦਰਜਾ ਮੁਲਾਜ਼ਮਾਂ ਵੱਲੋਂ ਤਨਖ਼ਾਹ ’ਚ ਵਾਧੇ, ਠੇਕਾ ਮੁਲਾਜ਼ਮਾਂ ਦੀਆਂ ਸੇਵਾ ਸ਼ਰਤਾਂ ਵਿੱਚ ਸੁਧਾਰ ਅਤੇ ਹੋਰ ਮੰਗਾਂ ਦੀ ਪੂਰਤੀ ਲਈ ਅੱਜ ਇੱਥੇ ਸਕੂਲ ਦੇ ਮੁੱਖ ਗੇਟ ’ਤੇ ਰੋਸ ਧਰਨਾ ਦਿੱਤਾ ਗਿਆ। ਧਰਨੇ ਮਗਰੋਂ ਸਕੂਲ ਮੈਨੇਜਮੈਂਟ ਨੇ ਉਨ੍ਹਾਂ ਦੀਆਂ ਤਨਖਾਹਾਂ ’ਚ 15 ਫੀਸਦੀ ਦਾ ਵਾਧਾ ਕਰਨ ਅਤੇ ਸਾਲਾਨਾ ਸਰਵਿਸ ਬ੍ਰੇਕ ਨੂੰ ਘਟਾ ਕੇ ਪੰਜ ਦਿਨ ਕਰਨ ਦੀ ਗੱਲ ਮੰਨ ਲਈ, ਜਿਸ ਮਗਰੋਂ ਧਰਨਾ ਸਮਾਪਤ ਕਰ ਦਿੱਤਾ ਗਿਆ।
ਪ੍ਰਦਰਸ਼ਨਕਾਰੀਆਂ ਨੇ ਘੱਟੋ-ਘੱਟ ਉਜਰਤਾਂ ਲਾਗੂ ਕਰਨ ਅਤੇ ਸਾਲਾਨਾ ਤਨਖ਼ਾਹ ਵਾਧਾ ਅਤੇ ਬੋਨਸ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਠੇਕਾ ਮੁਲਾਜ਼ਮਾਂ ਨੂੰ ਵਾਰ-ਵਾਰ ਸਰਵਿਸ ਬ੍ਰੇਕ ਦਿੱਤੀ ਜਾਂਦੀ ਹੈ ਅਤੇ ਨਿਰਧਾਰਤ ਡਿਊਟੀ ਸਮਾਂ, ਤਿਉਹਾਰਾਂ ਦੀਆਂ ਛੁੱਟੀਆਂ ਅਤੇ ਆਮ ਛੁੱਟੀਆਂ ਵਰਗੀਆਂ ਸਹੂਲਤਾਂ ਵੀ ਨਹੀਂ ਮਿਲਦੀਆਂ।
ਧਰਨੇ ’ਚ ਸਰਕਾਰੀ ਮੁਲਾਜ਼ਮਾਂ ਦੀ ਚੌਥਾ ਦਰਜਾ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਸਣੇ ਰਾਮ ਲਾਲ ਰਾਮਾ, ਰਾਜੇਸ਼ ਗੋਲੂ, ਸ਼ਿਵ ਚਰਨ, ਅਜੈ ਕੁਮਾਰ, ਇੰਦਰਪਾਲ ਵਾਲੀਆ, ਹਰਬੰਸ ਸਿੰਘ ਅਤੇ ਦਇਆ ਸ਼ੰਕਰ ਨੇ ਵੀ ਸ਼ਮੂਲੀਅਤ ਕੀਤੀ। ਮੁਲਾਜ਼ਮਾਂ ਦੀ ਹਮਾਇਤ ਲਈ ਪੁੱਜੇ ਕਾਂਗਰਸੀ ਆਗੂ ਸੰਦੀਪ ਸਿੰਗਲਾ ਨੇ ਵੀ ਸਕੂਲ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ।
ਦੂਜੇ ਪਾਸੇ ਦੇਰ ਸ਼ਾਮ ਸਕੂਲ ਸੁਪਰਵਾਈਜ਼ਰ ਜਰਨੈਲ ਸਿੰਘ ਨਾਲ ਹੋਈ ਗੱਲਬਾਤ ਦੇ ਹਵਾਲੇ ਨਾਲ ਉਨ੍ਹਾਂ ਦੀ ਮੌਜੂਦਗੀ ’ਚ ਹੀ ਮੁਲਾਜ਼ਮ ਆਗੂ ਦਰਸ਼ਨ ਸਿੰਘ ਲੁਬਾਣਾ ਨੇ ਸਕੂਲ ਪ੍ਰਬੰਧਕਾਂ ਵੱਲੋਂ ਤਨਖਾਹ ’ਚ 15 ਫੀਸਦੀ ਵਾਧਾ ਕਰਨ ਅਤੇ ਠੇਕਾ ਮੁਲਾਜ਼ਮਾਂ ਦੀ ਸਾਲਾਨਾ ਸਰਵਿਸ ਬਰੇਕ ਨੂੰ ਘਟਾ ਕੇ ਪੰਜ ਦਿਨ ਕਰਨ ਲਈ ਸਹਿਮਤੀ ਦੇਣ ਦੀ ਜਾਣਕਾਰੀ ਸਾਂਝੀ ਕੀਤੀ, ਜਿਸ ਉਪਰੰਤ ਮੁਲਾਜ਼ਮਾਂ ਨੇ ਧਰਨਾ ਸਮਾਪਤ ਕਰ ਦਿੱਤਾ।
