ਸਮਾਜ ਸੇਵਾ ਅਤੇ ਸਿੱਖਿਆ ਦੇ ਖੇਤਰ ਵਿੱਚ ਸ਼ਲਾਘਾਯੋਗ ਯੋਗਦਾਨ ਪਾਉਣ ਲਈ ਰੋਟੇਰੀਅਨ ਰਾਜਿੰਦਰ ਸਿੰਘ ਚਾਨੀ ਨੂੰ ਟ੍ਰਿਬਿਊਨ ਗਰੁੱਪ ਵੱਲੋਂ ਕਰਵਾਏ ਸਮਾਗਮ ਦੌਰਾਨ ‘ਪੰਜਾਬ ਅਚੀਵਰਜ਼ 2026’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਸਮਾਗਮ ਦੇ ਮੁੱਖ ਮਹਿਮਾਨ ਪੰਜਾਬ ਦੇ ਸਿੱਖਿਆ, ਲੋਕ ਸੰਪਰਕ, ਸੂਚਨਾ ਅਤੇ ਉਚੇਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਉਨ੍ਹਾਂ ਨੂੰ ਇਹ ਸਨਮਾਨ ਭੇਟ ਕੀਤਾ। ਰਾਜਿੰਦਰ ਸਿੰਘ ਚਾਨੀ ਨੂੰ ਰੋਟਰੀ ਇੰਟਰਨੈਸ਼ਨਲ ਡਿਸਟ੍ਰਿਕਟ 3090 ਅਧੀਨ ਸਮਾਜ ਸੇਵਾ, ਲੋਕ ਭਲਾਈ ਅਤੇ ਸੇਵਾ ਪ੍ਰਾਜੈਕਟਾਂ ਵਿੱਚ ਨਿਭਾਈ ਸਰਗਰਮ ਭੂਮਿਕਾ ਲਈ ਇਹ ਮਾਣ ਪ੍ਰਾਪਤ ਹੋਇਆ। ਉਹ ਇਸ ਵੇਲੇ ਸੁਤੰਤਰਤਾ ਸੰਗਰਾਮੀ ਅਮੀਰ ਸਿੰਘ ਸਰਕਾਰੀ ਹਾਈ ਸਕੂਲ, ਰਾਜਪੁਰਾ ਟਾਊਨ (ਪਟਿਆਲਾ) ਵਿੱਚ ਸਮਾਜਿਕ ਵਿਗਿਆਨ ਦੇ ਅਧਿਆਪਕ ਵਜੋਂ ਸੇਵਾਵਾਂ ਨਿਭਾ ਰਹੇ ਹਨ। ਇਸ ਦੇ ਨਾਲ ਹੀ ਉਹ ਰੋਟਰੀ ਕਲੱਬ ਰਾਜਪੁਰਾ ਪ੍ਰਾਈਮ ਦੇ ਮੈਂਬਰ ਅਤੇ ਲੋਕ ਸੰਪਰਕ ਅਧਿਕਾਰੀ (ਪੀ ਆਰ ਓ) ਵਜੋਂ ਵੀ ਸਰਗਰਮ ਹਨ। ਸਮਾਗਮ ਵਿੱਚ ਰੋਟਰੀ ਇੰਟਰਨੈਸ਼ਨਲ ਡਿਸਟ੍ਰਿਕਟ 3090 ਦੇ ਡਿਸਟ੍ਰਿਕਟ ਗਵਰਨਰ ਅਮਿਤ ਸਿੰਗਲਾ ਸੀ ਏ, ਜਨਰਲ ਸਕੱਤਰ ਰੋਟੇਰੀਅਨ ਸੁਮਿਤ ਗੋਇਲ, ਨਵਦੀਪ ਸਿੰਘ ਚਾਨੀ, ਜਸਵੀਰ ਕੌਰ, ਰਹਿਮਤਜੋਤ ਕੌਰ ਸਮੇਤ ਕਈ ਪਤਵੰਤੇ ਹਾਜ਼ਰ ਸਨ। ਸਨਮਾਨ ਪ੍ਰਾਪਤ ਕਰਨ ਉਪਰੰਤ ਰਾਜਿੰਦਰ ਸਿੰਘ ਚਾਨੀ ਨੇ ਕਿਹਾ ਕਿ ਇਹ ਪੁਰਸਕਾਰ ਉਨ੍ਹਾਂ ਲਈ ਹੋਰ ਵੱਧ ਜ਼ਿੰਮੇਵਾਰੀ ਅਤੇ ਪ੍ਰੇਰਣਾ ਦਾ ਸਰੋਤ ਹੈ ਅਤੇ ਉਹ ਭਵਿੱਖ ਵਿੱਚ ਵੀ ਸਿੱਖਿਆ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਯੋਗਦਾਨ ਨਿਰੰਤਰ ਜਾਰੀ ਰੱਖਣਗੇ।

