ਬਹਾਦਰ ਸਿੰਘ ਮਰਦਾਂਪੁਰ
ਰਾਜਪੁਰਾ, 1 ਜੁਲਾਈ
ਇੱਥੋਂ ਦੀ ਵਾਰਡ ਨੰਬਰ 13 ਵਿੱਚ ਪੈਂਦੇ ਵਿਕਾਸ ਨਗਰ ਵਿੱਚ ਸੀਵਰੇਜ ਤੇ ਪਾਣੀ ਦੀ ਲਾਈਨ ਪਾਉਣ ਲਈ ਪੁੱਟੀਆਂ ਸੜਕਾਂ ਦੀ ਸੱਤ ਮਹੀਨੇ ਬਾਅਦ ਵੀ ਮੁਰੰਮਤ ਨਾ ਹੋ ਸਕੀ। ਇਸ ’ਤੇ ਕਲੋਨੀ ਵਾਸੀਆਂ ਵੱਲੋਂ ਨਗਰ ਕੌਂਸਲ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ।
ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਨਿਰਮਲ ਸਿੰਘ, ਕਿਰਨਪਾਲ ਸਿੰਘ, ਵਿਜੇ ਕੁਮਾਰ, ਰੇਖਾ ਸ਼ਰਮਾ, ਅਜੇ ਕੁਮਾਰ, ਰਾਕੇਸ਼ ਰਿੰਕੂ, ਚਰਨਜੀਤ ਕੌਰ, ਨੀਲਮ ਰਾਣੀ ਤੇ ਸੰਤੋਸ਼ ਅਰੋੜਾ ਨੇ ਦੱਸਿਆ ਕਿ ਲੰਘੇ ਸਾਲ ਦੇ ਅੰਤਿਮ ਮਹੀਨੇ ਦੌਰਾਨ ਨਗਰ ਕੌਂਸਲ ਵੱਲੋਂ ਉਨ੍ਹਾਂ ਦੀ ਕਲੋਨੀ ਵਿੱਚ ਸੀਵਰੇਜ ਅਤੇ ਪਾਣੀ ਦੀ ਲਾਈਨ ਪਾਉਣ ਲਈ ਸੜਕਾਂ ਪੁੱਟੀਆ ਗਈਆਂ ਸਨ। ਚਾਰ ਮਹੀਨੇ ਪਹਿਲਾਂ ਵਿਕਾਸ ਕਾਰਜ ਮੁਕੰਮਲ ਹੋਣ ਦੇ ਬਾਵਜੂਦ ਨਗਰ ਕੌਂਸਲ ਵੱਲੋਂ ਇਨ੍ਹਾਂ ਪੁੱਟੀਆ ਸੜਕਾਂ ਦੀ ਮੁੜ ਮੁਰੰਮਤ ਨਾ ਕਰਵਾਏ ਜਾਣ ਕਾਰਨ ਥੋੜ੍ਹਾ ਜਿਹਾ ਮੀਹ ਪੈਣ ਨਾਲ ਹੀ ਸਾਰੀਆਂ ਸੜਕਾਂ ਛੱਪੜ ਦਾ ਰੂਪ ਧਾਰ ਲੈਂਦੀਆਂ ਹਨ। ਇਸ ਕਾਰਨ ਵਾਹਨ ਚਾਲਕਾਂ ਅਤੇ ਆਮ ਰਾਹਗੀਰਾਂ ਨੂੰ ਗਾਰੇ ਵਿੱਚੋਂ ਲੰਘਣਾ ਔਖਾ ਹੋ ਜਾਂਦਾ ਹੈ। ਹੁਣ ਜਦੋਂ ਛੁੱਟੀਆਂ ਤੋਂ ਬਾਅਦ ਸਕੂਲ ਖੁੱਲ੍ਹ ਗਏ ਹਨ ਤਾਂ ਬੱਚਿਆਂ ਲਈ ਸਕੂਲ ਜਾਣਾ ਹੋਰ ਵੀ ਮੁਸ਼ਕਲ ਹੋ ਜਾਵੇਗਾ।
ਉਨ੍ਹਾਂ ਮੰਗ ਕੀਤੀ ਕਿ ਪੁੱਟੀਆਂ ਸੜਕਾਂ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ।
ਇਸ ਸਬੰਧੀ ਸੰਪਰਕ ਕਰਨ ’ਤੇ ਕਾਰਜਸਾਧਕ ਅਧਿਕਾਰੀ ਪਰਵਿੰਦਰ ਸਿੰਘ ਭੱਟੀ ਦਾ ਕਹਿਣਾ ਹੈ ਕਿ ਬਰਸਾਤ ਨਾਲ ਪੁੱਟੀ ਗਈ ਸੜਕ ਦੀ ਮਿੱਟੀ ਦੱਬ ਜਾਵੇਗੀ। ਇਸ ਮਗਰੋਂ ਸੜਕਾਂ ਦੀ ਉਸਾਰੀ ਕਰਵਾ ਦਿੱਤੀ ਜਾਵੇਗੀ।