Road Renovation Begins in Shamdo: ਪਿੰਡ ਸ਼ਾਮਦੋ ਦੀ ਮੁੱਖ ਸੜਕ ਦਾ ਨਵੀਨੀਕਰਨ ਸ਼ੁਰੂ
ਲੋਕਾਂ ਨੇ ਭਾਰੀ ਵਾਹਨਾਂ ਲਈ ਵੱਖਰਾ ਰਸਤਾ ਬਣਾਉਣ ਦੀ ਮੰਗ ਕੀਤੀ
ਇੱਥੇ ਰਾਜਪੁਰਾ-ਚੰਡੀਗੜ੍ਹ ਰੋਡ ਨਾਲ ਜੁੜਦੇ ਹਲਕਾ ਰਾਜਪੁਰਾ ਦੇ ਪਹਿਲੇ ਪਿੰਡ ਸ਼ਾਮਦੋ ਦੀ ਮੇਨ ਸੜਕ ਦੇ ਨਵੀਨੀਕਰਨ ਦਾ ਕੰਮ ਸ਼ੁਰੂ ਹੋਣ ਨਾਲ ਪਿੰਡ ਵਾਸੀਆਂ ਅਤੇ ਰਾਹਗੀਰਾਂ ਵਿੱਚ ਖ਼ੁਸ਼ੀ ਦੀ ਲਹਿਰ ਹੈ। ਕਰੀਬ ਪੰਜ ਸਾਲਾਂ ਤੋਂ ਖਸਤਾ ਹਾਲ ਪਈ ਇਸ ਸੜਕ ਕਾਰਨ ਵੱਡੇ-ਵੱਡੇ ਟੋਏ ਬਣ ਗਏ ਸਨ, ਜਿਸ ਨਾਲ ਰੋਜ਼ਾਨਾ ਹਾਦਸੇ ਵਾਪਰਦੇ ਰਹਿੰਦੇ ਸਨ। ਬਰਸਾਤ ਦੇ ਦਿਨਾਂ ਵਿੱਚ ਸੜਕ ’ਤੇ ਪਾਣੀ ਖੜ੍ਹ ਜਾਣ ਕਾਰਨ ਇਸ ਦੀ ਹਾਲਤ ਹੋਰ ਵੀ ਮਾੜੀ ਹੋ ਜਾਂਦੀ ਸੀ ਅਤੇ ਸਕੂਲੀ ਬੱਚਿਆਂ ਸਮੇਤ ਰਾਹਗੀਰਾਂ ਨੂੰ ਗੰਦੇ ਪਾਣੀ ਵਿੱਚੋਂ ਲੰਘਣਾ ਪੈਂਦਾ ਸੀ। ਇਸ ਸੜਕ ਦੇ ਨਿਰਮਾਣ ਲਈ ਵੱਖ-ਵੱਖ ਸਿਆਸੀ ਧਿਰਾਂ ਅਤੇ ਪਿੰਡ ਵਾਸੀਆਂ ਵੱਲੋਂ ਕਈ ਵਾਰ ਰੋਸ ਪ੍ਰਦਰਸ਼ਨ ਅਤੇ ਧਰਨੇ ਦਿੱਤੇ ਗਏ। ਹਾਲ ਹੀ ਵਿੱਚ ਪਿੰਡ ਸ਼ਾਮਦੋ ਅਤੇ ਸ਼ਾਮਦੋ ਕੈਂਪ ਦੇ ਲੋਕਾਂ ਨੇ ਫੀਡ ਫੈਕਟਰੀ ਦੇ ਭਾਰੀ ਵਾਹਨਾਂ ਕਾਰਨ ਸੜਕ ਨੂੰ ਹੋ ਰਹੇ ਨੁਕਸਾਨ ਖ਼ਿਲਾਫ਼ ਵੀ ਆਵਾਜ਼ ਬੁਲੰਦ ਕੀਤੀ ਸੀ। ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਟੀ ਡੀ ਅਰੋੜਾ ਮਿੱਲ ਫੀਡ ਫੈਕਟਰੀ ਵਿੱਚ ਆਉਣ ਵਾਲੇ ਭਾਰੀ ਵਾਹਨਾਂ ਨੂੰ ਪਿੰਡ ਦੀ ਸੜਕ ਦੀ ਬਜਾਇ ਫੋਕਲ ਪੁਆਇੰਟ ਇੰਡਸਟਰੀਅਲ ਏਰੀਏ ਰਾਹੀਂ ਲਿਆਂਦਾ ਜਾਵੇ। ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ 18 ਫੁੱਟ ਚੌੜੀ ਸੜਕ ਦਾ ਨਿਰਮਾਣ ਕੰਮ ਸ਼ੁਰੂ ਹੋ ਚੁੱਕਾ ਹੈ ਅਤੇ ਇਸ ਨੂੰ ਜਲਦ ਮੁਕੰਮਲ ਕਰ ਦਿੱਤਾ ਜਾਵੇਗਾ।
