ਖੇਤਰੀ ਪ੍ਰਤੀਨਿਧ
ਪਟਿਆਲਾ, 6 ਦਸੰਬਰ
ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਵਿੱਢੇ ਸੰਘਰਸ਼ ਦੀ ਕੜੀ ਵਜੋਂ ਪੀਆਰਟੀਸੀ ਅਤੇ ਪਨਬੱਸ ਦੇ ਹਜ਼ਾਰਾਂ ਕੱਚੇ ਮੁਲਾਜ਼ਮਾਂ ਨੇ 7 ਦਸੰਬਰ ਤੋਂ ਮੁੜ ਅਣਮਿੱਥੇ ਸਮੇਂ ਦੀ ਸੂਬਾਈ ਹੜਤਾਲ ਦਾ ਪ੍ਰੋਗਰਾਮ ਉਲੀਕਿਆ ਹੈ। ਪੀਆਰਟੀਸੀ ਦੇ ਨਵੇਂ ਚੇਅਰਮੈਨ ਸਤਵਿੰਦਰ ਸਿੰਘ ਚੈੜੀਆਂ ਦੀ ਅਗਵਾਈ ਹੇਠ ਪਿਛਲੇ ਦਿਨੀਂ ਹੋਈ ਮੀਟਿੰਗ ਦੌਰਾਨ ਭਾਵੇਂ ਇਨ੍ਹਾਂ ਕੱਚੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਧਾਉਣ ਦੇ ਫੈ਼ਸਲੇ ਨੂੰ ਪ੍ਰਵਾਨਗੀ ਮਿਲ ਗਈ ਸੀ ਪਰ ਇਨ੍ਹਾਂ ਕੱਚੇ ਕਾਮਿਆਂ ਦੀਆਂ ਸੇਵਾਵਾਂ ਰੈਗੂਲਰ ਕਰਨ ਦੀ ਮੰਗ ਹਾਲੇ ਵੀ ਨਹੀਂ ਮੰਨੀ ਗਈ। ਅਸਲ ’ਚ ਇਹ ਮੁਲਾਜ਼ਮ ਆਊਟਸੋਰਸਜ਼ ਰਾਹੀਂ ਭਰਤੀ ਹੋਏ ਹਨ ਅਤੇ ਸਰਕਾਰ ਵੱਲੋੋਂ ਕੱਚੇ ਮੁਲਾਜ਼ਮਾਂ ਨੂੰ ਭਰਤੀ ਕਰਨ ਵਾਲੇ ਫ਼ੈਸਲੇ ਵਿੱਚ ਇਨ੍ਹਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ।
ਪੰਜਾਬ ਰੋਡਵੇਜ਼ ਪਨਬੱਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਸੂਬਾਈ ਬੁਲਾਰੇ ਹਰਕੇਸ਼ ਵਿੱਕੀ ਨੇ ਦੱਸਿਆ ਕਿ ਹੜਤਾਲ ਦਾ ਫੈ਼ਸਲਾ ਯੂਨੀਅਨ ਦੇ ਸੂਬਾਈ ਪ੍ਰਧਾਨ ਰੇਸ਼ਮ ਸਿੰਘ ਗਿੱਲ ਦੀ ਅਗਵਾਈ ਹੇਠਲੀ ਮੀਟਿੰਗ ’ਚ ਲਿਆ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਨਵੇਂ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਅਤੇ ਮੁੱਖ ਮੰਤਰੀ ਨੇ 20 ਦਿਨਾਂ ਵਿੱਚ ਉਨ੍ਹਾਂ ਨੂੰ ਪੱਕੇ ਕਰਨ ਦਾ ਭਰੋਸਾ ਦਿੱਤਾ ਸੀ, ਪਰ ਨਵੇਂ ਐਕਟ ਤੋਂ ਸਪੱਸ਼ਟ ਹੋ ਗਿਆ ਹੈ ਕਿ ਟਰਾਂਸਪੋਰਟ ਵਿਭਾਗ ਦਾ ਇੱਕ ਵੀ ਮੁਲਾਜ਼ਮ ਪੱਕਾ ਨਹੀਂ ਕੀਤਾ ਜਾ ਰਿਹਾ। ਯੂਨੀਅਨ ਵੱਲੋਂ 8 ਦਸੰਬਰ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਰੋਸ ਪ੍ਰਦਰਸ਼ਨ ਵੀ ਕੀਤਾ ਜਾਵੇਗਾ। ਉਧਰ ਇਸ ਹੜਤਾਲ ਦੇ ਮੱਦੇਨਜ਼ਰ ਪੀਆਰਟੀਸੀ ਨੇ ਆਪਣੇ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਜਾਂ ਬੰਦ ਕਰ ਦਿੱਤੀਆਂ ਹਨ ਤੇ ਬੱਸ ਸੇਵਾ ਜਾਰੀ ਰੱਖਣ ਲਈ ਅਦਾਰੇ ’ਚ ਵੱਖ-ਵੱਖ ਥਾਵਾਂ ’ਤੇ ਡਿਊਟੀਆਂ ਦੇ ਰਹੇ ਮੁਲਾਜ਼ਮਾਂ ਤੋਂ ਬੱਸਾਂ ਚਲਵਾਉਣ ਦਾ ਕੰਮ ਲਏ ਜਾਣ ਦੀ ਵਿਉਂਤਬੰਦੀ ਬਣਾਈ ਗਈ ਹੈ।