ਗੁਰਨਾਮ ਸਿੰਘ ਚੌਹਾਨ
ਪਾਤੜਾਂ, 23 ਸਤੰਬਰ
ਹਨੇਰੀ ਤੇ ਮੀਂਹ ਨਾਲ ਇਕ ਪਾਸੇ ਗਰਮੀ ਤੋਂ ਰਾਹਤ ਮਿਲੀ ਹੈ ਹੈ, ਦੂਜੇ ਪਾਸੇ ਝੋਨੇ ਦੀ ਫ਼ਸਲ ਨੂੰ ਕਾਫ਼ੀ ਨੁਕਸਾਨ ਪੁੱਜਿਆ ਹੈ। ਪਿੰਡ ਜੈਖਰ, ਕਰਤਾਰ ਪੁਰ, ਡੇਰਾ ਗੋਬਿੰਦਪੁਰਾ ਆਦਿ ਕਈ ਥਾਈਂ ਤੇਜ਼ ਹਵਾਵਾਂ ਕਰਕੇ ਝੋਨੇ ਦੀ ਫ਼ਸਲ ਜ਼ਮੀਨ ’ਤੇ ਵਿਛ ਗਈ ਹੈ। ਕਿਸਾਨਾਂ ਨੇ ਝੋਨੇ ਦੇ ਝਾੜ ਵਿੱਚ ਕਮੀ ਹੋਣ ਦਾ ਖਦਸ਼ਾ ਜਤਾਇਆ ਹੈ। ਇਸੇ ਤਰ੍ਹਾਂ ਜ਼ਿਆਦਾ ਮੀਂਹ ਕਾਰਨ ਆਲੂ ਤੇ ਮਟਰਾਂ ਦੀ ਬਿਜਾਈ ਤੋਂ ਇਲਾਵਾ ਹਰੇ ਚਾਰੇ ਤੇ ਸਬਜ਼ੀਆਂ ਦੇ ਪ੍ਰਭਾਵਿਤ ਹੋਣ ਦਾ ਵੀ ਖ਼ਦਸ਼ਾ ਹੈ। ਕਿਸਾਨ ਜਸਬੀਰ ਸਿੰਘ ਕਰਤਾਰਪੁਰ, ਕੁਲਦੀਪ ਸਿੰਘ ਡੇਰਾ ਕਰਤਾਰਪੁਰ, ਗੁਰਵਿੰਦਰ ਸਿੰਘ, ਜਸਵਿੰਦਰ ਸਿੰਘ ਡੇਰਾ ਗੋਬਿੰਦਪੁਰਾ ਨੇ ਮੰਗ ਕੀਤੀ ਕਿ ਫਸਲੀ ਖਰਾਬੇ ਦਾ ਜਾਇਜ਼ਾ ਲੈ ਕੇ ਮੁਆਵਜ਼ਾ ਰਾਸ਼ੀ ਜਾਰੀ ਕੀਤੀ ਜਾਵੇ।