ਰਵੇਲ ਸਿੰਘ ਭਿੰਡਰ
ਪਟਿਆਲਾ, 2 ਜੁਲਾਈ
ਪੰਜਾਬੀ ਯੂਨੀਵਰਸਿਟੀ ਅਧਿਆਪਕ ਸੰਘ (ਪੂਟਾ) ਵੱਲੋਂ ਵਾਈਸ ਚਾਂਸਲਰ ਦਫ਼ਤਰ ਅੱਗੇ ਮਹੀਨੇ ਤੋਂ ਚੱਲ ਰਿਹਾ ਧਰਨਾ ਅੱਜ ਵੀ ਸਵੇਰੇ ਗਿਆਰਾਂ ਤੋਂ ਬਾਅਦ ਦੁਪਹਿਰ ਇੱਕ ਵਜੇ ਤੱਕ ਜਾਰੀ ਰਿਹਾ। ਅਧਿਆਪਕਾਂ ਦੀਆਂ ਹੱਕੀ ਮੰਗਾਂ ਲਈ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਅਖ਼ਤਿਆਰ ਕੀਤੇ ਗਏ ਟਾਲ-ਮਟੋਲ ਵਾਲੇ ਰਵੱਈਏ ਦਾ ਅਧਿਆਪਕ ਸੰਘ ਨੇ ਨਿੰਦਾ ਕੀਤੀ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਪੂਟਾ ਪ੍ਰਧਾਨ ਜਸਵਿੰਦਰ ਸਿੰਘ ਬਰਾੜ ਅਤੇ ਸਕੱਤਰ ਗੁਰਨਾਮ ਸਿੰਘ ਵਿਰਕ ਨੇ ਅੱਜ ਰਜਿਸਟਰਾਰ ਦੇ ਨਾਮ ਚਿੱਠੀ ਲਿਖ ਕੇ ਮੰਗ ਕੀਤੀ ਕਿ ਅਧਿਆਪਕਾਂ ਦੇ ਚਾਰ ਮਹੀਨਿਆਂ ਦੀਆਂ ਜੀਪੀਐੱਫ ਕਟੌਤੀਆਂ ਉਨ੍ਹਾਂ ਦੇ ਖਾਤਿਆਂ ਦੇ ਵਿੱਚ ਦਸ ਦਿਨਾਂ ਦੇ ਅੰਦਰ ਅੰਦਰ ਪਾਈਆਂ ਜਾਣ। ਅਧਿਆਪਕ ਸੰਘ ਨੇ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਮਹੀਨੇ ਦੀ ਤਨਖ਼ਾਹ ਤੁਰੰਤ ਜਾਰੀ ਕੀਤੀ ਜਾਵੇ ,ਪੈਨਸ਼ਨਰਜ਼ ਨੂੰ ਪੈਨਸ਼ਨ ਦਿੱਤੀ ਜਾਵੇ, ਅਧਿਆਪਕਾਂ ਦੀ ਪਦਉਨਤੀ ਲਈ ਕਰੀਅਰ ਐਡਵਾਂਸਮੈਂਟ ਸਕੀਮ ਤਹਿਤ ਸ਼ਡਿਊਲ ਜਾਰੀ ਕੀਤਾ ਜਾਵੇ,ਪਦਉੱਨਤ ਹੋ ਚੁੱਕੇ ਅਧਿਆਪਕਾਂ ਦੀ ਵਧੀ ਹੋਈ ਤਨਖਾਹ ਦੇ ਬਣਦੇ ਏਰੀਅਰ ਤੁਰੰਤ ਜਾਰੀ ਕੀਤੇ ਜਾਣ। ਉਨ੍ਹਾਂ ਕਿਹਾ ਕਿ ਜੇ ਅਜਿਹਾ ਨਾ ਕੀਤਾ ਤਾਂ ਜਥੇਬੰਦੀ ਕਾਨੂੰਨ ਦਾ ਸਹਾਰਾ ਲਵੇਗੀ।