ਰਵੇਲ ਸਿੰਘ ਭਿੰਡਰ
ਪਟਿਆਲਾ, 26 ਫਰਵਰੀ
ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦਫ਼ਤਰ ਅੱਗੇ ਜੁਆਇੰਟ ਐਕਸ਼ਨ ਕਮੇਟੀ ਦੀ ਅਗਵਾਈ ਹੇਠ ਅਧਿਆਪਕਾਂ, ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਧਰਨਾ ਅੱਜ 151ਵੇਂ ਦਿਨ ਵੀ ਜਾਰੀ ਰਿਹਾ। ਧਰਨੇ ਦੌਰਾਨ ਯੂਨੀਵਰਸਿਟੀ ਦੇ ਸਮੁੱਚੇ ਮਸਲੇ ਨੂੰ ਸੂਬੇ ਦੇ ਸਮੂਹ ਵਿਧਾਇਕਾਂ ਤੱਕ ਪਹੁੰਚਾਉਣ ਦਾ ਫੈਸਲਾ ਕੀਤਾ ਗਿਆ।
ਪੂਟਾ ਪ੍ਰਧਾਨ ਡਾ. ਨਿਸ਼ਾਨ ਸਿੰਘ ਦਿਓਲ ਨੇ ਕਿਹਾ ਕਿ ਭਾਵੇਂ ਪਹਿਲਾ ਉੱਚ ਸਿਖਿਆ ਮੰਤਰੀ, ਵਿੱਤ ਮੰਤਰੀ ਅਤੇ ਮੁੱਖ ਮੰਤਰੀ ਨੂੰ ਪੰਜਾਬੀ ਯੂਨੀਵਰਸਿਟੀ ਦੀ ਵਿੱਤੀ ਹਾਲਤਾਂ ਬਾਰੇ ਪੱਤਰ ਲਿਖ ਕੇ ਜਾਣੂ ਕਰਵਾਇਆ ਜਾ ਚੁੱਕਾ ਹੈ ਪਰ ਹੁਣ ਪੰਜਾਬ ਦੇ ਸਾਰੇ ਹੀ ਐਮ.ਐੱਲ.ਏਜ਼ ਨੂੰ ਈਮੇਲ ਰਾਹੀਂ ਇਨ੍ਹਾਂ ਹਾਲਾਤਾਂ ਬਾਰੇ ਜਾਣੂ ਕਰਵਾਇਆ ਜਾਵੇਗਾ। ਮੀਤ ਪ੍ਰਧਾਨ ਡਾ. ਮਨਿੰਦਰ ਸਿੰਘ ਨੇ ਆਖਿਆ ਕਿ ਪੰਜਾਬੀ ਯੂਨੀਵਰਸਿਟੀ ਦਾ ਪ੍ਰਸ਼ਾਸਨ ਹੁਣ ਅਧਿਆਪਕਾਂ ਦੀਆਂ ਕਰੀਅਰ ਐਡਵਾਂਸਮੈਂਟ ਸਕੀਮ ਦੀਆਂ ਪ੍ਰੋਮੋਸ਼ਨਾਂ ਨੂੰ ਵੀ ਵਿੱਤੀ ਬੋਝ ਮੰਨਣ ਲੱਗ ਪਿਆ ਹੈ ਜੋ ਕਿ ਮੰਦਭਾਗਾ ਹੈ। ਆਗੂਆਂ ਨੇ ਜ਼ੋਰ ਦਿੱਤਾ ਕਿ ਸਰਕਾਰ ਆਗਾਮੀਂ ਬਜਟ ਵਿੱਚ ਯੂਨੀਵਰਸਿਟੀ ਨੂੰ ਗ੍ਰਾਂਟ ਜਾਰੀ ਕਰੇੇ ਅਤੇ ਅਧਿਆਪਕਾਂ ਅਤੇ ਮੁਲਾਜ਼ਮਾਂ ਦੀ ਜਨਵਰੀ ਮਹੀਨੇ ਦੀ ਪੈਨਸ਼ਨ ਅਤੇ ਤਨਖਾਹ ਬਿਨਾਂ ਕਿਸੇ ਦੇਰੀ ਜਾਰੀ ਕਰਨ ਦੀ ਮੰਗ ਵੀ ਕੀਤੀ।
ਰਜਿਸਟਰਾਰ ਨਾਲ ਗੱਲਬਾਤ ਰਹੀ ਬੇਸਿੱਟਾ: ਯੂਨੀਵਰਸਿਟੀ ਦੇ ਡੇਲੀਵੇਜ ਮੁਲਾਜ਼ਮਾਂ ਦਾ ਸਰਵਿਸ ਬ੍ਰੇਕ ਨੂੰ ਲੈ ਕੇ ਰੋਸ ਧਰਨਾ ਅੱਜ ਵੀ ਜਾਰੀ ਰਿਹਾ। ਅੱਜ ਇਸ ਮਸਲੇ ਦੇ ਹੱਲ ਲਈ ਰਜਿਸਟਰਾਰ ਦਵਿੰਦਰਜੀਤ ਸਿੰਘ ਸਿੱਧੂ ਨੇ ਮੁਲਾਜ਼ਮ ਵਫ਼ਦ ਨਾਲ ਬੈਠਕ ਕੀਤੀ ਜਿਹੜੀ ਕਿ ਬੇਸਿੱਟਾ ਰਹੀ। ਡੇਲੀਵੇਜ ਮੁਲਾਜ਼ਮ ਆਗੂ ਜਤਿੰਦਰ ਕਾਲਾ ਨੇ ਦੱਸਿਆ ਕਿ ਪ੍ਰਸ਼ਾਸਨ ਮੁਲਾਜ਼ਮਾਂ ਦੀ ਮੰਗਾਂ ਮੰਨਣ ਤੋਂ ਆਨਾਕਾਨੀ ਕਰ ਰਿਹਾ ਹੈ। ਅਜਿਹੇ ’ਚ ਉਨ੍ਹਾਂ ਨੇ ਸੰਘਰਸ਼ ਨੂੰ ਜਾਰੀ ਰੱਖਣ ਦਾ ਫੈਸਲਾ ਲਿਆ ਹੈ ਤੇ ਸੋਮਵਾਰ ਨੂੰ ਯੂਨੀਵਰਸਿਟੀ ਦਾ ਗੇਟ ਬੰਦ ਕਰਕੇ ਰੋਸ ਪ੍ਰਗਟਾਇਆ ਜਾਏਗਾ। ਉਧਰ ਸੰਘਰਸ਼ੀ ਡੇਲੀਵੇਜ ਮੁਲਾਜ਼ਮਾਂ ਵੱਲੋਂ ਰੋਸ ਵਜੋਂ ਖ਼ਿਲਾਰਿਆ ਕੂੜਾ ਅੱਜ ਛੇਵੇਂ ਦਿਨ ਵੀ ਕੈਂਪਸ ’ਚ ਵਿੱਛਿਆ ਰਿਹਾ, ਜਿਸ ਨਾਲ ਬਿਮਾਰੀ ਫੈਲਣ ਦਾ ਖਦਸ਼ਾ ਬਣਿਆ ਹੋਇਆ ਹੈ।
ਵਿਦਿਆਰਥੀਆਂ ਵੱਲੋਂ ਸਿੰਗਲਾ ਦੀ ਕੋਠੀ ਅੱਗੇ ਮੁਜ਼ਾਹਰੇ 5 ਨੂੰ
ਸੰਗਰੂਰ (ਗੁਰਦੀਪ ਸਿੰਘ ਲਾਲੀ): ਤਿੰਨ ਵਿਦਿਆਰਥੀ ਜਥੇਬੰਦੀਆਂ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ), ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਤੇ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਵੱਲੋਂ ਸਾਂਝੇ ਤੌਰ ’ਤੇ ਮੀਟਿੰਗ ਕਰਕੇ ਫੈਸਲਾ ਕੀਤਾ ਗਿਆ ਕਿ ਪੰਜਾਬ ਸਰਕਾਰ ਦੁਆਰਾ ਪੇਸ਼ ਕੀਤੇ ਜਾਣ ਵਾਲੇ ਬਜਟ ਦੇ ਮੱਦੇਨਜ਼ਰ ਸਰਕਾਰ ਦਾ ਧਿਆਨ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਗੰਭੀਰ ਵਿੱਤੀ ਹਾਲਤ ਵੱਲ ਦਿਵਾਉਣ ਅਤੇ ਯੂਨੀਵਰਸਿਟੀ ਦੇ ਕੁੱਲ ਵਿੱਤੀ ਮਾਮਲਿਆਂ ਦੀ ਜ਼ਿੰਮੇਵਾਰੀ ਸਰਕਾਰ ਵੱਲੋਂ ਚੁੱਕਣਾ ਯਕੀਨੀ ਬਣਵਾਉਣ ਲਈ 5 ਮਾਰਚ ਨੂੰ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਦੀ ਕੋਠੀ ਅੱਗੇ ਪ੍ਰਦਰਸ਼ਨ ਕੀਤਾ ਜਾਵੇਗਾ।
ਕਰਮਚਾਰੀ ਐਸੋਸੀਏਸ਼ਨ ਚੋਣਾਂ ’ਚ ਭਾਂਬਰੀ-ਬੱਬੀ ਗਰੁੱਪ ਜੇਤੂ
ਪੰਜਾਬੀ ਯੂਨੀਵਰਸਿਟੀ ਕਰਮਚਾਰੀ ‘ਬੀ’ ਤੇ ‘ਸੀ’ ਵਰਗ ਐਸੋਸੀਏਸ਼ਨ ਦੀ ਅੱਜ ਯੂਨੀਵਰਸਿਟੀ ਕੈਂਪਸ ਅੰਦਰ ਹੋਈ 2021 ਦੀ ਸਲਾਨਾ ਚੋਣ ਦੌਰਾਨ ਪ੍ਰਧਾਨਗੀ ਲਈ ਸ਼ਪਿੰਦਰਪਾਲ ਸਿੰਘ ਤੇ ਜਨਰਲ ਸਕੱਤਰ ਵਜੋਂ ਜਗਤਾਰ ਸਿੰਘ ਜੇਤੂ ਬਣੇ ਹਨ। ਇਸ ਚੋਣ ਪਿੜ ’ਚ ਤਿੰਨ ਗਰੁੱਪ ਆਹਮੋ-ਸਾਹਮਣੇ ਸਨ। ਭਾਵੇਂ ਚੋਣ ਪ੍ਰਚਾਰ ਦੌਰਾਨ ਟੱਕਰ ਫਸਵੀਂ ਬਣੀ ਹੋਈ ਸੀ ਪਰ ਈ.ਡੀ.ਐਫ਼, ਸਾਂਝੀ ਮੁਲਾਜ਼ਮ ਆਵਾਜ਼ ਤੇ ਕਰਮਚਾਰੀ ਲੋਕਤੰਤਰਿਕ ਮੋਰਚਾ ਆਧਾਰਿਤ ‘ਭਾਂਬਰੀ-ਬੱਬੀ’ ਗਰੁੱਪ ਨੇ ਹੂੰਝਾ ਫੇਰੂ ਜਿੱਤ ਹਾਸਲ ਕਰਨ ’ਚ ਕਾਮਯਾਬੀ ਬਣਾਈ ਹੈ। ਅਮਨ-ਅਮਾਨ ਨਾਲ ਨੇਪਰੇ ਚੜ੍ਹੀ ਇਸ ਕਰਮਚਾਰੀ ਚੋਣ ਦੌਰਾਨ 2408 ਕੁੱਲ ਵੋਟਾਂ ’ਚੋਂ 1991 ਵੋਟਾਂ ਪੋਲ ਹੋਈਆਂ, ਜਦੋਂ ਕਿ ਯੂਨੀਵਰਸਿਟੀ ਕੈਂਪਸ ਤੇ ਤਲਵੰਡੀ ਸਾਬੋ ਕੈਂਪਸ ਦੇ ਕਰਮਚਾਰੀਆਂ ਨੇ ਵੋਟਿੰਗ ’ਚ ਗਰਮਜੋਸ਼ੀ ਨਾਲ ਹਿੱਸਾ ਲਿਆ। ਪ੍ਰਧਾਨਗੀ ਪਦ ਲਈ ਤਿੰਨ ਉਮੀਦਵਾਰ ਸਨ, ਜਿਨ੍ਹਾਂ ’ਚੋਂ ‘ਭਾਂਬਰੀ-ਬੱਬੀ’ ਗਰੁੱਪ ਦੇ ਉਮੀਦਵਾਰ ਸ਼ਪਿੰਦਰਪਾਲ ਸਿੰਘ ਨੇ 826 ਵੋਟਾਂ ਲੈ ਕੇ ਵਕਾਰੀ ਚੋਣ ਜਿੱਤ ਹਾਸਲ ਕੀਤੀ, ਜਦੋਂ ਕਿ ਰਜਿੰਦਰ ਸਿੰਘ ਰਾਜੂ ਤੇ ਪੁਸ਼ਪਿੰਦਰ ਬਰਾੜ ਜਿਹੜੇ ਕਿ ਦੋਵੇਂ ਸਾਬਕਾ ਪ੍ਰਧਾਨ ਸਨ, ਨੂੰ ਕ੍ਰਮਵਾਰ 645 ਤੇ 489 ਵੋਟਾਂ ਪਈਆਂ। ਇਸੇ ਤਰਾਂ ਮੀਤ ਪ੍ਰਧਾਨ ਦਾ ਪਿੜ ਪਾਲਾ ਰਾਮ ਚੌਧਰੀ ਨੇ 785 ਵੋਟਾਂ ਨਾਲ ਸਰ ਕੀਤਾ। ਇਸ ਮੁਕਾਬਲੇ ’ਚੋਂ ਪਵਨ ਕੁਮਾਰ ਤੇ ਹਰਨੇਕ ਗੋਲਡੀ ਕ੍ਰਮਵਾਰ 612 ਤੇ 577 ਵੋਟਾਂ ਲੈ ਕੇ ਪੱਛੜ ਗਏ। ਜਨਰਲ ਸਕੱਤਰ ’ਚੋ ਜਗਤਾਰ ਸਿੰਘ 778 ਵੋਟਾਂ ਨਾਲ ਜੇਤੂ ਰਿਹਾ। ਸਕੱਤਰ ਪਦ ਪਰਮਜੀਤ ਸਿੰਘ ਨੇ 841 ਵੋਟਾਂ ਨਾਲ ਜਿੱਤਿਆ, ਜਦੋਂ ਕਿ ਸਹਾਇਕ ਸਕੱਤਰ ਜਸਵੀਰ ਸਿੰਘ ਨੇ 818 ਵੋਟਾਂ ਨਾਲ ਹਾਸਲ ਕੀਤਾ। ਇਸੇ ਤਰਾਂ ਪ੍ਰਚਾਰ ਸਕੱਤਰ ਦੇਵ ਰਿਸ਼ੀ ਹਾਂਡਾ ਨੇ 858 ਵੋਟਾਂ ਨਾਲ ਜਿੱਤਿਆ ਹੈ। ਖਜ਼ਾਨਚੀ ਵਜੋਂ ਧਰਮਿੰਦਰ ਸਿੰਘ 861 ਵੋਟਾਂ ਨਾਲ ਜੇਤੂ ਰਿਹਾ। ਭਾਂਬਰੀ-ਬੱਬੀ ਗਰੁੱਪ ਦੇ ਆਗੂ ਤੇ ਐਸ.ਐਮ.ਏ. ਦੇ ਕਨਵੀਨਰ ਮਨੋਜ ਭਾਂਬਰੀ ਤੇ ਹੋਰਾਂ ਨੇ ਤਿੰਨ ਧਿਰੀ ਗੱਠਜੋੜ ਦੀ ਹੋਈ ਹੂੰਝਾ ਫੇਰੂ ਜਿੱਤ ’ਤੇ ਵੋਟਰਾਂ ਦਾ ਧੰਨਵਾਦ ਕੀਤਾ। ਮੁੱਖ ਚੋਣ ਕਮਿਸ਼ਨਰ ਅਵਤਾਰ ਸਿੰਘ ਨੇ ਦੱਸਿਆ ਕਿ ਵੋਟਿੰਗ ਸ਼ਾਂਤੀਪੂਰਵਕ ਨੇਪਰੇ ਚੜ੍ਹੀ ਹੈ।