ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 19 ਸਤੰਬਰ
ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਅਕਾਦਮਿਕ ਸੈਸ਼ਨ 2019-2020 ਦੇ ਅਖ਼ੀਰਲੇ ਸਮੈਸਟਰ/ਸਾਲ ਦੇ ਵਿਦਿਆਰਥੀਆਂ ਦੀਆਂ 25 ਸਤੰਬਰ ਤੋਂ ਕਰਵਾਈਆਂ ਜਾਣ ਵਾਲੀਆਂ ਪ੍ਰੀਖਿਆਵਾਂ ਸਬੰਧੀ ਅੱਜ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਵਿਸਥਾਰ ’ਚ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸ ਵਾਰ ਇਹ ਪ੍ਰੀਖਿਆਵਾਂ ਕੋਵਿਡ-19 ਮਹਾਮਾਰੀ ਦੀ ਮੌਜੂਦਾ ਸਥਿਤੀ ਦੇ ਮੱਦੇ-ਨਜ਼ਰ ਸਮਾਜਿਕ ਦੂਰੀ, ਸੁਰੱਖਿਆ ਅਤੇ ਸਿਹਤ ਨੂੰ ਮੁੱਖ ਰੱਖਦਿਆਂ ਸਰਕਾਰੀ ਨਿਯਮਾਂ ਅਤੇ ਹਦਾਇਤਾਂ ਅਨੁਸਾਰ ਬਦਲਵੇਂ ਢੰਗਾਂ ਨੂੰ ਅਪਣਾਉਂਦੇ ਹੋਏ ਕਰਵਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ।
ਕੰਟਰੋਲਰ ਪ੍ਰੀਖਿਆਵਾਂ ਡਾ. ਜੇ.ਆਈ. ਐੱਸ. ਖੱਟੜ ਨੇ ਦੱਸਿਆ ਕਿ ਪ੍ਰੀਖਿਆਵਾਂ ਸਬੰਧੀ ਨਿਰਧਾਰਿਤ ਹਦਾਇਤਾਂ ਬਾਰੇ ਵਿਸਤ੍ਰਿਤ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਜਾਰੀ ਪੱਤਰ ਮੁਤਾਬਿਕ ਪ੍ਰੀਖਿਆ ਵਾਲੇ ਦਿਨ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਵਿਭਾਗਾਂ/ਕਾਲਜਾਂ ਵੱਲੋਂ ਪ੍ਰਸ਼ਨ-ਪੱਤਰ ਈਮੇਲ ਰਾਹੀਂ ਜਾਂ ਹੋਰ ਸੰਚਾਰ ਸਾਧਨਾਂ ਜਿਵੇਂ ਵਟਸਐਪ ਜਾਂ ਵਿਭਾਗਾਂ/ਕਾਲਜਾਂ ਦੀ ਵੈੱਬਸਾਈਟ ’ਤੇ ਉਪਲਬਧ ਕਰਵਾਏ ਜਾਣਗੇ। ਪ੍ਰਾਈਵੇਟ ਵਿਦਿਆਰਥੀ ਆਪਣੇ ਪ੍ਰਸ਼ਨ-ਪੱਤਰ ਉਨ੍ਹਾਂ ਦੇ ਐਡਮਿਟ ਕਾਰਡ ’ਤੇ ਦਰਸਾਏ ਵੈੱਬ ਲਿੰਕ ਜਾਂ ਪ੍ਰੀਖਿਆ ਸ਼ਾਖਾ ਦੀ ਵੈੱਬਸਾਈਟ ਤੋਂ ਡਾਊਨਲੋਡ ਕਰ ਸਕਣਗੇ।
ਕਲਾਸਾਂ ਦਾ ਪ੍ਰੀਖਿਆ ਸੈਸ਼ਨ ਸਵੇਰੇ 9 ਵਜੇ ਤੋਂ ਲੈ ਕੇ ਬਾਅਦ ਦੁਪਹਿਰ 1 ਵਜੇ ਤੱਕ ਰਹੇਗਾ। ਪੇਪਰ ਹੱਲ ਕਰਨ ਲਈ 2 ਘੰਟੇ ਦਾ ਸਮਾਂ ਹੋਵੇਗਾ। ਇਸ ਤੋਂ ਇਲਾਵਾ ਉਮੀਦਵਾਰ ਨੂੰ ਪ੍ਰਸ਼ਨ-ਪੱਤਰ ਡਾਊਨਲੋਡ ਕਰਨ ਅਤੇ ਉੱਤਰ-ਪੱਤਰੀ ਸਕੈਨ ਕਰਕੇ ਈ-ਮੇਲ ਰਾਹੀਂ ਭੇਜਣ ਲਈ 2 ਘੰਟੇ ਹੋਰ ਦਿੱਤੇ ਜਾਣਗੇ। ਸਾਰੀ ਪ੍ਰਕਿਰਿਆ ਲਈ ਕੁੱਲ 4 ਘੰਟੇ ਦਾ ਸਮਾਂ ਉਮੀਦਵਾਰ ਨੂੰ ਦਿੱਤਾ ਗਿਆ ਹੈ। ਨੇਤਰਹੀਣ/ਅੰਗਹੀਣ ਵਿਦਿਆਰਥੀਆਂ ਨੂੰ ਪੇਪਰ ਹੱਲ ਕਰਨ ਲਈ ਨਿਯਮਤ ਸਮੇਂ ਨਾਲੋਂ 40 ਮਿੰਟ ਵਾਧੂ ਸਮਾਂ ਦਿੱਤਾ ਜਾਵੇਗਾ। ਨੇਤਰਹੀਣ/ਅੰਗਹੀਣ ਵਿਦਿਆਰਥੀ ਲਿਖਾਰੀ ਦਾ ਪ੍ਰਬੰਧ ਆਪ ਕਰੇਗਾ। ਪ੍ਰੀਖਿਆ ਸ਼ੁਰੂ ਹੋਣ ਤੋਂ ਪਹਿਲਾਂ ਵਿਭਾਗ/ਕਾਲਜ ਆਪਣੇ ਪੱਧਰ ’ਤੇ ਪ੍ਰਸ਼ਨ-ਪੱਤਰ ਭੇਜਣ ਅਤੇ ਉੱਤਰ-ਸ਼ੀਟਾਂ ਮੰਗਵਾਉਣ ਲਈ ਮੌਕ ਐਕਰਸਾਈਜ਼ ਭਾਵ ਨਕਲੀ ਤੌਰ ’ਤੇ ਅਭਿਆਸ ਵੀ ਕਰ ਸਕਦੇ ਹਨ। ਪ੍ਰੀਖਿਆਵਾਂ ਲਈ ਡੇਟਸ਼ੀਟ ਵੀ ਜਲਦੀ ਹੀ ਪ੍ਰੀਖਿਆ ਸ਼ਾਖਾ ਦੀ ਵੈੱਬਸਾਈਟ ’ਤੇ ਜਾਰੀ ਕੀਤੀ ਜਾਵੇਗੀ।