MoU: ਪੰਜਾਬੀ ਯੂਨੀਵਰਸਿਟੀ ਵੱਲੋਂ ‘ਮਗਸੀਪਾ’ ਨਾਲ ਇਕਰਾਰ
ਸਮਾਜ ਦੀ ਬਿਹਤਰੀ ਲਈ ਜਨਤਕ ਅਦਾਰਿਆਂ ਦਾ ਮੇਲ-ਜੋਲ ਜ਼ਰੂਰੀ: ੳੁਪ ਕੁਲਪਤੀ
ਪੰਜਾਬੀ ਯੂਨੀਵਰਸਿਟੀ ਵੱਲੋਂ ਪੰਜਾਬ ਸਰਕਾਰ ਦੇ ਪਰਸੋਨਲ ਵਿਭਾਗ ਅਧੀਨ ਕਾਰਜਸ਼ੀਲ ਖ਼ੁਦਮੁਖਤਿਆਰ ਸੰਸਥਾ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ (ਮਗਸੀਪਾ) ਨਾਲ ਇਕਰਾਰਨਾਮਾ ਕੀਤਾ ਗਿਆ ਹੈ। ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਕਿਹਾ ਕਿ ਇਸ ਇਕਰਾਰਨਾਮੇ ਦਾ ਮੁੱਖ ਉਦੇਸ਼ ਦੋਵਾਂ ਅਦਾਰਿਆਂ ਦਰਮਿਆਨ ਸਥਾਈ ਸਹਿਯੋਗੀ ਢਾਂਚਾ ਸਥਾਪਤ ਕਰਨਾ ਅਤੇ ਦੋਵਾਂ ਅਦਾਰਿਆਂ ਦੀਆਂ ਵੱਖ-ਵੱਖ ਮੁਹਾਰਤਾਂ ਨੂੰ ਇੱਕ ਪਲੈਟਫਾਰਮ ’ਤੇ ਇਕੱਠਿਆਂ ਕਰਨਾ ਹੈ।
ਉਨ੍ਹਾਂ ਕਿਹਾ ਕਿ ਦੋਵਾਂ ਸੰਸਥਾਵਾਂ ਦੀਆਂ ਆਪੋ-ਆਪਣੇ ਖੇਤਰ ਵਿੱਚ ਵੱਖ-ਵੱਖ ਮੁਹਾਰਤਾਂ ਤੇ ਵਿਲੱਖਣਤਾਵਾਂ ਹਨ। ਇਹ ਭਾਈਵਾਲੀ ਦੋਵਾਂ ਸੰਸਥਾਵਾਂ ਦੀਆਂ ਵੱਖ-ਵੱਖ ਸਮਰੱਥਾਵਾਂ ਨੂੰ ਇੱਕ ਪਲੈਟਫਾਰਮ ’ਤੇ ਲਿਆਵੇਗੀ। ਬਿਹਤਰ ਨਤੀਜਿਆਂ ਦੀ ਪ੍ਰਾਪਤੀ ਅਤੇ ਸਮਾਜ ਦੀ ਬੇਹਤਰੀ ਲਈ ਵੱਖ-ਵੱਖ ਜਨਤਕ ਅਦਾਰਿਆਂ ਦਾ ਆਪਸ ਵਿੱਚ ਮੇਲ-ਜੋਲ ਬਣਾ ਕੇ ਚੱਲਣਾ ਬਹੁਤ ਜ਼ਰੂਰੀ ਹੈ। ਉਪ-ਕੁਲਪਤੀ ਨੇ ਕਿਹਾ ਕਿ ਦੋਵੇਂ ਸੰਸਥਾਵਾਂ ਮਿਲ ਕੇ ਜਨਤਕ ਨੀਤੀਆਂ ਤੇ ਪ੍ਰਸ਼ਾਸਨਿਕ ਸੁਧਾਰਾਂ ਬਾਰੇ ਖੋਜ ਕਾਰਜ ਕਰ ਸਕਣਗੀਆਂ।
ਇਕਰਾਰਨਾਮੇ ਤਹਿਤ ਲਾਇਬ੍ਰੇਰੀਆਂ, ਡਾਟਾਬੇਸ ਤੇ ਹੋਰ ਤਕਨੀਕੀ ਸਹੂਲਤਾਂ ਦੀ ਵਰਤੋਂ ਦੋਵੇਂ ਅਦਾਰੇ ਸਾਂਝੇ ਤੌਰ ’ਤੇ ਕਰ ਸਕਣਗੇ। ਸਮੇਂ-ਸਮੇਂ ’ਤੇ ਸਾਂਝੇ ਤੌਰ ’ਤੇ ਕੌਮੀ ਤੇ ਕੌਮਾਂਤਰੀ ਪਕਾਨਫਰੰਸਾਂ ਕਰਵਾਈਆਂ ਜਾਣਗੀਆਂ ਤਾਂ ਜੋ ਪ੍ਰਸ਼ਾਸਨਿਕ ਕੰਮਕਾਜ ਵਿੱਚ ਨਵੀਨਤਾ ਲਿਆਂਦੀ ਜਾ ਸਕੇ। ਇਸ ਮੌਕੇ ਰਜਿਸਟਰਾਰ ਪ੍ਰੋ ਦਵਿੰਦਰਪਾਲ ਸਿੱਧੂ ਸਣੇ ਦੋਵਾਂ ਸੰਸਥਾਵਾਂ ਦੇ ਉੱਚ ਅਧਿਕਾਰੀ ਹਾਜ਼ਰ ਰਹੇ।

