Punjabi University Protest: ਫੀਸ ਵਾਧੇ ਖ਼ਿਲਾਫ਼ ਵਿਦਿਆਰਥੀਆਂ ਦਾ ਸੰਘਰਸ਼ ਜਾਰੀ
ਪੰਜਾਬੀ ਯੂਨੀਵਰਸਿਟੀ ਕੈਂਪਸ ਵਿੱਚ ‘ਵੀ ਸੀ ਲੱਭੋ’ ਮਾਰਚ ਭਲਕੇ
ਪੰਜਾਬੀ ਯੂਨੀਵਰਸਿਟੀ ਵਿੱਚ ਹੋਸਟਲ ਅਤੇ ਕੋਰਸ ਫੀਸਾਂ ਵਿੱਚ ਕੀਤੇ ਵਾਧੇ ਅਤੇ ਬੁਨਿਆਦੀ ਢਾਂਚੇ ਦੀਆਂ ਸਮੱਸਿਆਵਾਂ ਹੱਲ ਨਾ ਹੋਣ ’ਤੇ ਅੱਧੀ ਦਰਜਨ ਖੱਬੇ ਪੱਖੀ ਵਿਦਿਆਰਥੀ ਜਥੇਬੰਦੀਆਂ ਵੱਲੋਂ ਸਥਾਪਤ ਕੀਤੇ ਗਏ ‘ਫੀਸ ਵਾਧੇ ਵਿਰੋਧੀ ਫਰੰਟ’ ਵੱਲੋਂ ਵੀ ਸੀ ਦਫ਼ਤਰ ਅੱਗੇ ਲਾਇਆ ਗਿਆ ਪੱਕਾ ਮੋਰਚਾ ਅੱਜ 13ਵੇਂ ਦਿਨ ਵੀ ਜਾਰੀ ਰਿਹਾ। ਪ੍ਰਦਰਸ਼ਨਕਾਰੀਆਂ ਨੇ ਬੁੱਧਵਾਰ ਨੂੰ ਕੀਤੇ ਜਾਣ ਵਾਲੇ ‘ਵੀ ਸੀ ਲੱਭੋ’ ਮਾਰਚ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।
ਯੂਨੀਵਰਸਿਟੀ ਪ੍ਰਸ਼ਾਸਨ ਦਾ ਤਰਕ ਹੈ ਕਿ ਵਿੱਤੀ ਸੰਕਟ ’ਚ ਘਿਰਨ ਦੇ ਬਾਵਜੂਦ ਵਧਾਈਆਂ ਗਈਆਂ ਫੀਸਾਂ ਦੋ ਹੋਰ ਪ੍ਰਮੁੱਖ ਰਾਜ ਯੂਨੀਵਰਸਿਟੀਆਂ ਨਾਲੋਂ ਵੀ ਘੱਟ ਹਨ ਪਰ ਵਿਦਿਆਰਥੀਆਂ ਦੀ ਮੰਗ ’ਤੇ ਇਹ ਫੀਸ ਵੀ ਘਟਾ ਦਿੱਤੀ ਗਈ ਹੈ, ਜੋ ਸਿਰਫ 7.5 ਫੀਸਦੀ ਰਹਿ ਗਈ ਹੈ। ਯੂਨੀਵਰਸਿਟੀ ਪ੍ਰਸ਼ਾਸਨ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਹੁਣ ਜ਼ਿੱਦ ਛੱਡ ਦੇਣੀ ਚਾਹੀਦੀ ਹੈ ਕਿਉਂਕਿ ਪੰਜ ਸਾਲਾਂ ਤੋਂ ਕੋਈ ਵੀ ਫੀਸ ਨਹੀਂ ਵਧੀ। ਦੂਜੇ ਪਾਸੇ ਵਿਦਿਆਰਥੀ ਸਾਰਾ ਵਾਧਾ ਵਾਪਸ ਲੈਣ ’ਤੇ ਅੜੇ ਹੋਏ ਹਨ ਅਤੇ ਹੋਰ ਮੰਗਾਂ ਮੰਨੇ ਜਾਣ ’ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ। ਪ੍ਰਦਰਸ਼ਨਕਾਰੀਆਂ ਨੇ ਮੰਗਾਂ ਮੰਨੇ ਜਾਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਹੈ।
ਧਰਨੇ ’ਚ ਪੀ ਐੱਸ ਯੂ ਤੋਂ ਗੁਰਦਾਸ ਸਿੰਘ ਅਤੇ ਜਸਪ੍ਰੀਤ ਸਿੰਘ, ਪੀ ਐੱਸ ਯੂ (ਲਲਕਾਰ) ਤੋਂ ਹਰਪ੍ਰੀਤ ਸਿੰਘ ਤੇ ਦਿਲਪ੍ਰੀਤ ਕੌਰ ਅਤੇ ਹਰਪ੍ਰੀਤ ਸਿੰਘ, ਡੀ ਐੱਸ ਓ ਤੋਂ ਗੁਰਛਿੰਦਰ ਅਤੇ ਪਾਰਸ, ਏ ਆਈ ਐੱਸ ਐੱਫ ਤੋਂ ਰਾਹੁਲ, ਐੱਸ ਐੱਫ ਆਈ ਤੋਂ ਗੁਰਕੀਰਤ ਸਿੰਘ ਅਤੇ ਜਤਿਨ, ਪੀ ਐੱਸ ਐੱਫ ਤੋਂ ਰਵਿੰਦਰ ਸਿੰਘ, ਅਗਰਗਾਮੀ ਛਾਤਰ ਨੌਜਵਾਨ ਸਭਾ ਤੋਂ ਵਿਕਾਸ ਅਤੇ ਹਰਮਨ ਕੌਰ, ਪੀ ਆਰ ਐੱਸ ਯੂ ਤੋਂ ਕੇਸ਼ਵ, ਏ ਆਈ ਡੀ ਐੱਸ ਓ ਤੋਂ ਸੋਪਤੀਕਪਾਲ ਅਤੇ ਸ਼ਿਵਾਨੀ ਸ਼ੰਕਰ ਹਾਜ਼ਰ ਸਨ।

