ਪੰਜਾਬੀ ਯੂਨੀਵਰਸਿਟੀ ਦਾ ਚੋਣ ਪਿੜ ਭਖਿਆ

ਪੰਜਾਬੀ ਯੂਨੀਵਰਸਿਟੀ ਦਾ ਚੋਣ ਪਿੜ ਭਖਿਆ

ਚੋਣ ਪਿੜ ਵਿੱਚ ਪ੍ਰਚਾਰ ਦੌਰਾਨ ਟਫ ਦੀ ਟੀਮ।

ਰਵੇਲ ਸਿੰਘ ਭਿੰਡਰ

ਪਟਿਆਲਾ, 28 ਸਤੰਬਰ

ਪੰਜਾਬੀ ਯੂਨੀਵਰਸਿਟੀ ਦੀਆਂ ਅਧਿਆਪਕ ਸੰਘ ‘ਪੂਟਾ’ ਦੀਆਂ ਚੋਣਾਂ ਲਈ ਸਿਆਸੀ ਮਾਹੌਲ ਗਰਮਾ ਗਿਆ ਹੈ। ਇਸ ਚੋਣ ਪਿੜ ’ਚ ਭਾਵੇਂ ਪ੍ਰਧਾਨਗੀ ਦੇ ਅਹੁਦੇ ਲਈ ਤਿੰਨ ਉਮੀਦਵਾਰ ਮੈਦਾਨ ’ਚ ਹਨ, ਪ੍ਰੰਤੂ ਮੁਕਾਬਲਾ ਟੀਚਰਜ਼ ਯੂਨਾਈਟਿਡ ਫਰੰਟ (ਟਫ) ਅਤੇ ਪ੍ਰੋਗਰੈਸਿਵ ਟੀਚਰਜ਼ ਅਲਾਇੰਸ (ਪੀ.ਟੀ.ਏ.) ਦਰਮਿਆਨ ਆਹਮੋ ਸਾਹਮਣੇ ਬਣਿਆ ਹੋਇਆ ਹੈ। ਚੋਣ ਪ੍ਰਚਾਰ ’ਚ ਉਮੀਦਵਾਰ ਤੇ ਉਨ੍ਹਾਂ ਦੇ ਸਮਰੱਥਕ ਟੀਮਾਂ ਬਣਾ ਕੇ ਡਟੇ ਹੋਏ ਹਨ। ਇਸ ਦੌਰਾਨ ਉਮੀਦਵਾਰ ਵੱਖ ਵੱਖ ਵਿਭਾਗਾਂ ਤੇ ਘਰੋ ਘਰੀ ਜਾ ਕੇ ਪ੍ਰਚਾਰ ਕਰ ਰਹੇ ਹਨ। ਦੋਵਾਂ ਗੱਠਜੋੜਾਂ ਵਿੱਚ ਵੱਖ-ਵੱਖ ਅਧਿਆਪਕ ਜਥੇਬੰਦੀਆਂ ਸ਼ਾਮਲ ਹਨ। ਪੂਟਾ ਦੀ ਇਹ ਚੋਣ ਪਹਿਲੀ ਅਕਤੂਬਰ ਨੂੰ ਹੋ ਰਹੀ ਹੈ।

ਦੱਸਣਯੋਗ ਹੈ ਕਿ ਇਹ ਤੀਜੀ ਚੋਣ ਹੈ। ਪਹਿਲੀਆਂ ਦੋਵੇਂ ਚੋਣਾਂ ਦਰਮਿਆਨ ਪੀ.ਟੀ.ਏ. ਤੇ ਟਫ ਦਰਮਿਆਨ ਮੁਕਾਬਲਾ ਬਣਦਾ ਰਿਹਾ ਹੈ। ਦੋਵੇਂ ਧਿਰਾਂ ਨੇ ਇੱਕ ਇੱਕ ਵਾਰੀ ਚੋਣ ਜਿੱਤੀ ਹੈ। ਪਿਛਲੀ ਵਾਰ ਪੂਟਾ ’ਤੇ ਕਾਬਜ਼ ਧਿਰ ਟਫ਼ ਐਤਕੀਂ ਮੁੜ ਕਿਸਮਤ ਅਜ਼ਮਾ ਰਹੀ ਹੈ। ਇਸ ਗੱਠਜੋੜ ਵੱਲੋਂ ਐਤਕੀਂ ਪ੍ਰਧਾਨਗੀ ਪਦ ਲਈ ਡਾ. ਵਰਿੰਦਰ ਕੌਸ਼ਿਕ ਉਮੀਦਵਾਰ ਹਨ। ਟਫ ਦੀ ਟੀਮ ਨੇ ਪੂਟਾ ਇਲੈਕਸ਼ਨ ਸਬੰਧੀ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਵਿੱਚ ਜਾ ਕੇ ਅਧਿਆਪਕਾਂ ਨਾਲ ਸੰਪਰਕ ਕੀਤਾ। ਸਭ ਤੋਂ ਪਹਿਲਾਂ ਟਫ ਟੀਮ ਦੇ ਉਮੀਦਵਾਰਾਂ ਨੇ ਯੂਨੀਵਰਸਿਟੀ ਦੇ ਆਰਟਸ ਬਲਾਕਾਂ ਵਿੱਚ ਜਾ ਕੇ ਅਧਿਆਪਕਾਂ ਨੂੰ ਵੋਟਾਂ ਟਫ ਉਮੀਦਵਾਰਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕੀਤਾ। ਬਾਅਦ ਵਿੱਚ ਉਨ੍ਹਾਂ ਯੂਨੀਵਰਸਿਟੀ ਦੇ ਸਾਇੰਸ ਵਿਭਾਗਾਂ ਵਿੱਚ ਅਧਿਆਪਕਾਂ ਨਾਲ ਰਾਬਤਾ ਕਾਇਮ ਕੀਤਾ। ਸ਼ਾਮ ਨੂੰ ਉਨ੍ਹਾਂ ਯੂਨੀਵਰਸਿਟੀ ਕੈਂਪਸ ਵਿੱਚ ਰਿਹਾਇਸ਼ੀ ਇਲਾਕਿਆਂ ਵਿੱਚ ਵੋਟਰਾਂ ਨਾਲ ਸੰਪਰਕ ਕੀਤਾ।

ਟਫ ਟੀਮ ਦੀ ਅਗਵਾਈ ਕਨਵੀਨਰ ਪ੍ਰੋਫੈਸਰ ਕੇਸਰ ਸਿੰਘ ਭੰਗੂ ਨੇ ਕੀਤੀ। ਟੀਮ ਵਿੱਚ ਪ੍ਰਧਾਨਗੀ ਦੇ ਉਮੀਦਵਾਰ ਪ੍ਰੋਫੈਸਰ ਵਰਿੰਦਰ ਕੌਸ਼ਿਕ, ਮੀਤ ਪ੍ਰਧਾਨ ਦੇ ਉਮੀਦਵਾਰ ਗੁਰਜੀਤ ਸਿੰਘ ਭੱਠਲ, ਸਕੱਤਰ ਦੇ ਉਮੀਦਵਾਰ ਡਾਕਟਰ ਗੁਰਨਾਮ ਸਿੰਘ ਵਿਰਕ ਅਤੇ ਜਾਇੰਟ ਸਕੱਤਰ ਦੇ ਉਮੀਦਵਾਰ ਇੰਜਨੀਅਰ ਲਾਲ ਚੰਦ ਦੇ ਨਾਲ ਨਾਲ ਮੈਂਬਰ ਵੀ ਸ਼ਾਮਲ ਸਨ। ਟਫ ਟੀਮ ਨੇ ਯੂਨੀਵਰਸਿਟੀ ਅਧਿਆਪਕਾਂ ਵੱਲੋਂ ਮਿਲੇ ਭਰਵੇਂ ਹੁੰਗਾਰੇ ’ਤੇ ਤਸੱਲੀ ਪ੍ਰਗਟ ਕੀਤੀ। ਅੱਜ ਪਿਛਲੀ ਪੂਟਾ ਨੇ ਪਿਛਲੇ ਸਾਲ ਦੀ ਕਾਰਗੁਜ਼ਾਰੀ ਦਾ ਲੇਖਾ-ਜੋਖਾ ਵੀ ਯੂਨੀਵਰਸਿਟੀ ਅਧਿਆਪਕਾਂ ਦੇ ਸਨਮੁੱਖ ਪੇਸ਼ ਕੀਤਾ।

ਇਸੇ ਤਰ੍ਹਾਂ ਪੀ.ਟੀ.ਏ. ਦੀ ਤਰਫੋਂ ਵੀ ਪ੍ਰਧਾਨਗੀ ਦੇ ਉਮੀਦਵਾਰ ਡਾ. ਨਿਸ਼ਾਨ ਸਿੰਘ ਦਿਓਲ ਸਮੇਤ ਬਾਕੀ ਟੀਮ ਵੱਲੋਂ ਵੀ ਕਈ ਦਿਨਾਂ ਵਾਂਗ ਅੱਜ ਵੀ ਪ੍ਰਚਾਰ ਮੁਹਿੰਮ ਨੂੰ ਭਖਾਈ ਰੱਖਿਆ। ਇਸ ਟੀਮ ਵੱਲੋਂ ਮੀਤ ਪ੍ਰਧਾਨ ਪਦ ਲਈ ਡਾ. ਮਨਿੰਦਰ ਸਿੰਘ, ਸਕੱਤਰ ਵਜੋਂ ਅਵਨੀਤ ਪਾਲ ਸਿੰਘ ਤੇ ਜੁਆਇੰਟ ਸਕੱਤਰ ਲਈ ਬਲਰਾਜ ਸਿੰਘ ਬਰਾੜ ਮੈਦਾਨ ’ਚ ਹਨ। ਭਾਵੇਂ ਪ੍ਰਧਾਨਗੀ ਲਈ ਤੀਜੇ ਉਮੀਦਵਾਰ ਪੰਕਜ ਮਹਿੰਦਰੂ ਵੱਲੋਂ ਵੀ ਨਾਮਜ਼ਦਗੀ ਦਾਖਲ ਕੀਤੀ ਹੋਈ ਹੈ, ਪ੍ਰੰਤੂ ਅਸਲ ਮੁਕਾਬਲਾ ਟਫ ਤੇ ਪੀ.ਟੀ.ਏ. ਦਰਮਿਆਨ ਹੀ ਹੈ। ਪੀ.ਟੀ.ਏ ਦੇ ਆਗੂ ਡਾ. ਭੁਪਿੰਦਰ ਸਿਘ ਵਿਰਕ ਮੁਤਾਬਿਕ ਉਨ੍ਹਾਂ ਦੇ ਗੱਠਜੋੜ ਨੂੰ ਚੰਗਾ ਹੁੰਗਾਰ ਮਿਲ ਰਿਹਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All