ਸੰਘਰਸ਼ ਦਾ ਅੱਡਾ ਬਣਿਆ ਪੰਜਾਬੀ ਯੂਨੀਵਰਸਿਟੀ ਕੈਂਪਸ

ਮੁਲਾਜ਼ਮਾਂ ਦੇ 150 ਦਿਨਾ ਸੰਘਰਸ਼ ਦਾ ਪ੍ਰਸ਼ਾਸਨ ’ਤੇ ਨਹੀਂ ਕੋਈ ਅਸਰ; ਜਥੇਬੰਦੀਆਂ ਵੱਲੋਂ ਸਾਂਝੇ ਤੌਰ ’ਤੇ ਵੱਡੇ ਐਕਸ਼ਨ ਦੀ ਤਿਆਰੀ

ਸੰਘਰਸ਼ ਦਾ ਅੱਡਾ ਬਣਿਆ ਪੰਜਾਬੀ ਯੂਨੀਵਰਸਿਟੀ ਕੈਂਪਸ

’ਵਰਸਿਟੀ ਵਿੱਚ ਮਰਨ ਵਰਤ ਕੈਂਪ ’ਚ ਬੈਠੇ ਮੁਲਾਜ਼ਮ।

ਰਵੇਲ ਸਿੰਘ ਭਿੰਡਰ

ਪਟਿਆਲਾ, 2 ਮਾਰਚ

ਪੰਜਾਬੀ ਯੂਨੀਵਰਸਿਟੀ ਵਾਈਸ ਚਾਂਸਲਰ ਦਫ਼ਤਰ ਅੱਗੇ ਜੁਆਇੰਟ ਐਕਸ਼ਨ ਕਮੇਟੀ ਦੇ ਸੱਦੇ ’ਤੇ ਯੂਨੀਵਰਸਿਟੀ ਟੀਚਰਜ਼ ਐਸੋਸ਼ੀਏਸ਼ਨ (ਪੂਟਾ),  ਯੂਨੀਵਰਸਿਟੀ ਏ-ਕਲਾਸ ਅਫਸਰ ਐਸੋਸੀਏਸ਼ਨ, ਪੈਨਸ਼ਨਰਜ਼ ਫੈਲਫੇਅਰ ਯੂਨੀਅਨ ਵੱਲੋਂ ਰੋਸ ਧਰਨਾ ਲਗਾਇਆ ਗਿਆ ਜੋ ਕਿ 153ਵੇਂ ਦਿਨ ਵਿਚ ਪ੍ਰਵੇਸ਼ ਕਰ ਗਿਆ। ਅੱਜ ਇਸ ਧਰਨੇ ਵਿਚ ਪੂਟਾ ਪ੍ਰਧਾਨ ਅਤੇ ਸਕੱਤਰ ਡਾ. ਨਿਸ਼ਾਨ ਸਿੰਘ ਦਿਓਲ ਅਤੇ ਡਾ. ਅਵਨੀਤ ਪਾਲ ਸਿੰਘ ਨੇ ਆਖਿਆ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਉਹ ਲਗਾਤਾਰ 8 ਮਹੀਨਿਆਂ ਤੋਂ ਗਰਾਂਟ, ਖੁਦਮੁਖਤਿਆਰੀ, ਪੈਨਸ਼ਨ ਅਤੇ ਤਨਖਾਹਾਂ ਲਈ ਲੜ ਰਹੇ ਹਨ ਪਰ ਸਰਕਾਰ ਦੇ ਸਿਰ ਤੇ ਇਨ੍ਹਾਂ ਮੰਗਾਂ ਪ੍ਰਤੀ ਜੂੰਅ ਵੀ ਨਹੀਂ ਸਰਕੀ। ਉਨ੍ਹਾਂ ਆਖਿਆ ਕਿ ਸਰਕਾਰ ਹੋਰ ਕਿੰਨੇ ਕੁ ਮੁਲਾਜ਼ਮਾਂ ਦਾ ਬਲਿਦਾਨ ਲੈ ਕੇ ਯੂਨੀਵਰਸਿਟੀ ਦੇ ਮਸਲੇ ਦਾ ਹਲ ਕਰੇਗੀ। ਅੱਜ ਇਸ ਧਰਨੇ ਵਿਚ ਪੂਟਾ ਦੇ ਮੀਤ ਪ੍ਰਧਾਨ ਡਾ. ਮਨਿੰਦਰ ਸਿੰਘ ਨੇ ਆਖਿਆ ਕਿ ਆਉਣ ਵਾਲੇ ਦਿਨਾਂ ਵਿਚ ਯੂਨੀਵਰਸਿਟੀ ਦੀਆਂ ਸਾਰੀਆਂ ਜਥੇਬੰਦੀਆਂ ਪੰਜਾਬ ਸਰਕਾਰ ਦੀ ਵਿੱਦਿਅਕ ਸੰਸਥਾਵਾਂ ਮਾਰੂ ਨੀਤੀ ਦੇ ਖਿਲਾਫ ਵੱਡੇ ਪੱਧਰ ਤੇ ਸੜਕਾਂ ਉੱਤੇ ਉਤਰਨਗੀਆਂ।  ਜੁਆਇੰਟ ਐਕਸ਼ਨ ਕਮੇਟੀ ਦੇ ਆਗੂ ਡਾ. ਕੁਲਵਿੰਦਰ ਸਿੰਘ ਨੇ ਆਖਿਆ ਕਿ ਸਰਕਾਰ ਨੂੰ ਗਰਾਂਟ ਦੇ ਨਾਲ-ਨਾਲ ਇਕ ਰੈਗੂਲਰ ਵਾਈਸ-ਚਾਂਸਲਰ ਦੀ ਨਿਯੁਕਤੀ ਜਲਦ ਤੋਂ ਜਲਦ ਕਰਨੀ ਚਾਹੀਦੀ ਹੈ ਤਾਂ ਕਿ ਯੂਨੀਵਰਸਿਟੀ ਦੀਆਂ ਦਰਪੇਸ਼ ਚੁਣੌਤੀਆਂ ਦਾ ਛੇਤੀ ਹਲ ਕੱਢਿਆ ਜਾ ਸਕੇ। ਉਨ੍ਹਾਂ ਕਿਹਾ ਕਿ ਕਾਰਜਕਾਰੀ ਵਾਈਸ-ਚਾਂਸਲਰ ਨਾ ਤਾਂ ਕਿਸੇ ਮਸਲੇ ਦਾ ਕੱਢਦੇ ਨੇ ਤੇ ਨਾ ਹੀ ਕਿਸੇ ਚੁਣੀ ਹੋਈ ਧਿਰ ਨੂੰ ਸਮਾਂ ਦਿੰਦੇ ਹਨ। ਉਨ੍ਹਾਂ ਦਾ ਵਤੀਰਾ ਆਜ਼ਾਦੀ ਤੋਂ ਪਹਿਲਾ ਵਾਲੀ ਅੰਗਰੇਜ਼ ਸਰਕਾਰ ਵਰਗਾ ਹੈ। ਅੱਜ ਇਸ ਧਰਨੇ ਵਿਚ ਪੂਟਾ ਦੇ ਜੁਆਇੰਟ ਸਕੱਤਰ ਅਤੇ ਖਜ਼ਾਨਚੀ ਡਾ. ਬਲਰਾਜ ਸਿੰਘ ਬਰਾੜ, ਪੂਟਾ ਕਾਰਜਕਾਰੀ ਮੈਂਬਰ ਡਾ. ਪਰਮਵੀਰ ਸਿੰਘ, ਡਾ. ਖੁਸ਼ਦੀਪ ਗੋਇਲ, ਡਾ. ਗੁਰਮੁਖ ਸਿੰਘ, ਏ-ਕਲਾਸ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਗੁਰਿੰਦਰਪਾਲ ਸਿੰਘ ਬੱਬੀ, ਪੈਨਸ਼ਨਰਜ਼ ਵੈਲਫੇਅਰ ਐਸੋਸ਼ੀਏਸ਼ਨ ਦੇ ਪ੍ਰਧਾਨ ਸ. ਗੁਰਚਰਨ ਸਿੰਘ ਨੇ ਅੱਜ ਦੇ ਇਸ ਧਰਨੇ ਨੂੰ ਸੰਬੋਧਨ ਕੀਤਾ।

ਡੇਲੀਵੇਜਿਜ਼ ਸਕਿਉਰਿਟੀ ਗਾਰਡ ਦਾ ਮਰਨ ਵਰਤ ਜਾਰੀ

ਪਟਿਆਲਾ: ਪੰਜਾਬੀ ਯੂਨੀਵਰਸਿਟੀ ਮੁੱਖ ਗੇਟ ’ਤੇ ਡੇਲੀਵੇਜਿਜ਼ ਸੰਘਰਸ਼ੀ ਕਾਮਿਆਂ ਵੱਲੋਂ ਮਰਨ ਵਰਤ ਅੱਜ ਦੂਜੇ ਦਿਨ ਵੀ ਜਾਰੀ ਰਿਹਾ। ਮਰਨ ਵਰਤ ਦਾ ਆਸਣ ਸਕਿਉਰਟੀ ਵਿਭਾਗ ਦੇ ਮੁਲਾਜ਼ਮ ਅਰਵਿੰਦਰ ਸਿੰਘ ਬਾਬਾ  ਨੇ ਅੱਜ ਦੂਜੇ ਦਿਨ ਵੀ ਮੱਲੀ ਰੱਖਿਆ। ਉਧਰ ਸਫਾਈ ਸੇਵਕਾਂ ਤੇ ਸੇਵਾਦਾਰਾਂ ਵੱਲੋਂ ਵੀ ਪ੍ਰੀਖਿਆ ਸਾਖ਼ਾ ਕੋਲ ਵੱਖਰੇ ਤੌਰ ’ਤੇ ਸੰਘਰਸ਼ ਨੂੰ ਭਖਾਈ ਰੱਖਿਆ।ਦੱਸਣਯੋਗ ਹੈ ਕਿ ਯੂਨੀਵਰਸਿਟੀ ’ਚ ਡੇਲੀਵੇਜਿਜ਼ ਵਜੋਂ ਸਕਿਉਰਟੀ ਗਾਰਡ, ਸਫਾਈ ਸੇਵਕ ਤੇ ਸੇਵਾਦਾਰ ਸਮੇਤ ਹੋਰ ਕੁਝ ਵਰਗਾਂ ਦੇ ਲੋਕਾਂ ਵੱਲੋਂ ਪਿਛਲੇ ਮਹੀਨੇ ਤੋਂ ਸੰਘਰਸ਼ ਮਘਾਇਆ ਹੋਇਆ ਹੈ। ਸੰਘਰਸ਼ੀ ਕਾਰਕੁਨਾਂ ਵੱਲੋਂ ਸਰਵਿਸ ਬ੍ਰੇਕ ਖ਼ਿਲਾਫ਼ ਅੰਦੋਲਨ ਤੋਰਿਆ ਸੀ, ਪ੍ਰੰਤੂ ਯੂਨੀਵਸਸਿਟੀ ਪ੍ਰਸ਼ਾਸਨ ਵੱਲੋਂ ਉਚਿਤਤਾ ਨਾਲ ਗੌਰ ਨਾ ਕੀਤੇ ਜਾਣ ਦੇ ਰੋਸ ਵਜੋਂ ਲੰਘੇ ਕੱਲ ਤੋਂ ਸਕਿਉਰਟੀ ਗਾਰਡ ਵਿਭਾਗ ਦੇ ਕਰਮਚਾਰੀਆਂ ਵੱਲੋਂ ਮਰਨ ਵਰਤ ਵਿੱਢ ਦਿੱਤਾ ਸੀ। ਅਜਿਹੇ ਦੌਰਾਨ ਮਰਨ ਵਰਤੀ ਅਰਵਿੰਦਰ ਸਿੰਘ ਬਾਬਾ ਜਿਹੜੇ ਸਕਿਉਰਟੀ ਗਾਰਡ ਵਿਭਾਗ ਡੇਲੀਵੇਜਿਜ਼ ਵਿੰਗ ਦੇ ਪ੍ਰਧਾਨ ਵੀ ਹਨ, ਨੇ ਦੱਸਿਆ ਕਿ ਜਦੋਂ ਤੱਕ ਯੂਨੀਵਰਸਿਟੀ ਪ੍ਰਸ਼ਾਸਨ ਉਨ੍ਹਾਂ ਦੀ ਸਰਵਿਸ ਬ੍ਰੇਕ ਨੂੰ ਵਾਪਸ ਨਹੀਂ ਲੈਂਦਾ ਉਹ ਮਰਨ ਵਰਤ ਸੰਘਰਸ਼ ’ਤੇ ਡਟੇ ਰਹਿਣਗੇ। ਉਧਰ ਸਫਾਈ ਸੇਵਕ ਤੇ ਸੇਵਾਦਾਰ ਵਿੰਗ ਦੇ ਆਗੂ ਜਤਿੰਦਰ ਕਾਲਾ ਦੀ ਅਗਵਾਈ ਪ੍ਰੀਖਿਆ ਸਾਖਾ ਕੋਲ ਰੋਸ ਧਰਨਾ ਅੱਜ ਜਾਰੀ ਰੱਖਿਆ। ਰੋਸ ਧਰਨਿਆਂ ਦੌਰਾਨ ਸੰਘਰਸ਼ੀ ਕਾਰਕੁਨਾਂ ਨੇ ਦਿਨ ਭਰ ਯੂਨੀਵਰਸਿਟੀ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਜਾਂਦੀ ਰਹੀ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All