DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Punjabi University: ਮਸਨੂਈ ਬੁੱਧੀ ਦੇ ਦੌਰ ’ਚ ਨਵੇਂ ਖ਼ਤਰਿਆਂ ਲਈ ਤਿਆਰ ਰਹਿਣ ਦਾ ਹੋਕਾ

‘ਲੋਕਪੱਖੀ ਗੀਤ-ਸੰਗੀਤ ਨੂੰ ਚੁਣੌਤੀਆਂ’ ਵਿਸ਼ੇ ’ਤੇ ਚਰਚਾ ਤੇ ਗਾਇਨ ਸਮਾਰੋਹ; ਦਰਸ਼ਕਾਂ ਨੇ ਮਹੱਤਵਪੂਰਨ ਮੁੱਦੇ ਚੁੱਕੇ

  • fb
  • twitter
  • whatsapp
  • whatsapp
featured-img featured-img
ਉੱਘੀਆਂ ਸ਼ਖ਼ਸੀਅਤਾਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ।
Advertisement

ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ (ਇਪਟਾ) ਅਤੇ ਪੰਜਾਬੀ ਯੂਨੀਵਰਿਸਟੀ ਦੀ ਸ਼ਹੀਦ ਕਰਤਾਰ ਸਿੰਘ ਸਰਾਭਾ ਚੇਅਰ ਵੱਲੋਂ ਵਿਸ਼ਵ ਪੰਜਾਬੀ ਕੇਂਦਰ ਵਿੱਚ ‘ਲੋਕਪੱਖੀ ਗੀਤ-ਸੰਗੀਤ ਨੂੰ ਚੁਣੌਤੀਆਂ’ ਵਿਸ਼ੇ ’ਤੇ ਵਿਚਾਰ-ਚਰਚਾ ਅਤੇ ਗਾਇਨ ਸਮਾਰੋਹ ਕਰਵਾਇਆ ਗਿਆ। ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਹਾੜੇ ਅਤੇ ਇਪਟਾ ਦੇ ਸਥਾਪਨਾ ਦਿਵਸ ਨੂੰ ਸਮਰਪਿਤ ਇਹ ਸਮਾਗਮ ਪ੍ਰਗਤੀਸ਼ੀਲ ਲੇਖਕ ਸੰਘ ਪਟਿਆਲਾ ਅਤੇ ਪੰਜਾਬੀ ਪ੍ਰਸਾਰ ਮੰਚ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਦੇ ਕਨਵੀਨਰ ਡਾ. ਕੁਲਦੀਪ ਸਿੰਘ ਦੀਪ ਸਨ।

ਸਮਾਗਮ ਦਾ ਆਗਾਜ਼ ਵਿਸ਼ਵ ਪੰਜਾਬੀ ਕੇਂਦਰ ਦੇ ਡਾਇਰੈਕਟਰ ਡਾ. ਭੀਮਇੰਦਰ ਸਿੰਘ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਵਿਚਾਰਧਾਰਾ ਦੀ ਵਰਤਮਾਨ ਪ੍ਰਾਸੰਗਿਕਤਾ ਅਤੇ ਇਪਟਾ ਦੇ ਇਤਿਹਾਸਕ ਯੋਗਦਾਨ ’ਤੇ ਕੀਤੀ ਗਈ ਚਰਚਾ ਨਾਲ ਹੋਇਆ। ਪ੍ਰਧਾਨਗੀ ਭਾਸ਼ਣ ਵਿੱਚ ਚਿੰਤਕ ਡਾ. ਰਾਜਿੰਦਰਪਾਲ ਬਰਾੜ ਨੇ ਮਸਨੂਈ ਬੁੱਧੀ ਦੇ ਦੌਰ ਵਿਚ ਨਵੇਂ ਖ਼ਤਰਿਆਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਸਣੇ ਲੋਕਪੱਖੀ ਗਾਇਕੀ ਦੀ ਤਰੱਕੀ ਲਈ ਵੱਡੇ ਮੁਹਾਜ਼ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਕਲਾਕਾਰਾਂ ਦੇ ਰੋਜ਼ੀ ਰੋਟੀ ਦੇ ਮਸਲੇ ਹੱਲ ਹੋਣ ਤੱਕ ਉਹ ਮੁਨਾਫ਼ੇ ਵਾਲੀ ਗਾਇਕੀ ਦੀਆਂ ਬਰੂਹਾਂ ’ਤੇ ਜਾਂਦੇ ਰਹਿਣਗੇ।

Advertisement

ਪਹਿਲਾਂ ਸਾਹਿਤਕ ਗਾਇਕੀ ਵਿਚ ਉੱਭਰ ਰਹੇ ਗੀਤਕਾਰ ਡਾ. ਗੁਰਸੇਵਕ ਲੰਬੀ ਨੇ ਸਾਹਿਤਕ ਗੀਤਕਾਰੀ ਨੂੰ ਲੋਕਾਈ ਤੱਕ ਪਹੁੰਚਣ ਲਈ ਨਿੱਕੇ ਦਾਇਰਿਆਂ ਤੋਂ ਮੁਕਤ ਹੋ ਕੇ ਆਧੁਨਿਕ ਸਾਧਨਾਂ ਨੂੰ ਅਪਨਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਲੋਕਪੱਖੀ ਗਾਇਕੀ ਦੇ ਹਸਤਾਖ਼ਰ ਜਗਰਾਜ ਧੌਲਾ ਨੇ ਕਿਹਾ ਕਿ ਲੋਕਪੱਖੀ ਗੀਤਕਾਰੀ ਅਤੇ ਗਾਇਕੀ ਦਾ ਵਪਾਰਕ ਗਾਇਕੀ ਨਾਲ ਕੋਈ ਮੁਕਾਬਲਾ ਨਹੀਂ। ਮਾਸਟਰ ਰਾਮ ਕੁਮਾਰ ਨੇ ਕਿਹਾ ਕਿ ਗ਼ਰੀਬੀ ਦੀਆਂ ਮਜਬੂਰੀਆਂ ਕਈ ਵਾਰ ਲੋਕਪੱਖੀ ਗਾਇਕੀ ਦੇ ਵਾਰਿਸਾਂ ਨੂੰ ਵਾਪਰਕ ਗਾਇਕੀ ਵੱਲ ਮੋੜ ਦਿੰਦੀਆਂ ਹਨ ਜਿਨ੍ਹਾਂ ਨੂੰ ਡਟੇ ਰਹਿਣ ਲਈ ਉਸਾਰੂ ਧਿਰਾਂ ਦੇ ਸਹਿਯੋਗ ਦੀ ਜ਼ਰੂਰਤ ਹੈ। ਜਗਸੀਰ ਜੀਦਾ ਦਾ ਕਹਿਣਾ ਸੀ ਕਿ ਸਮਾਜ ਵਿਚਲੇ ਬਦਲਦੇ ਸਮੀਕਰਨਾਂ ਦੇ ਨਾਲ ਹੀ ਗਾਇਕੀ ਦੇ ਵਿਸ਼ੇ ਅਤੇ ਅੰਦਾਜ਼ ਵੀ ਬਦਲ ਰਹੇ ਹਨ।

Advertisement

ਇਸ ਮੌਕੇ ਡਾ. ਨਿਵੇਦਿਤਾ ਸਿੰਘ ਦਾ ਕਹਿਣਾ ਸੀ ਕਿ ਅਜੋਕੇ ਦੌਰ ਵਿਚ ਸਿਰਫ਼ ਲੋਕਪੱਖੀ ਗਾਇਕਾਂ ਨੂੰ ਹੀ ਚੁਣੌਤੀਆਂ ਨਹੀਂ ਹਨ, ਸਗੋਂ ਸਾਜ਼ਿੰਦਿਆਂ ’ਤੇ ਵੀ ਇਸ ਦੌਰ ਵੱਡੀ ਮਾਰ ਪਈ ਹੈ। ਕਹਾਣੀਕਾਰ ਕਿਰਪਾਲ ਕਜ਼ਾਕ ਨੇ ਗ਼ੈਰਰਸਮੀ ਗੱਲਬਾਤ ’ਚ ਕਿਹਾ ਕਿ ਪ੍ਰੋਫੈਸਨਲ ਗਾਇਕੀ ਦੀ ਸਭ ਤੋਂ ਵੱਡੀ ਤਾਕਤ ਬੀਟ ਹੈ, ਜਿਸ ਨੂੰ ਅਜੇ ਤੱਕ ਲੋਕਪੱਖੀ ਗਾਇਕੀ ਨੇ ਨਹੀਂ ਆਪਣਾਇਆ। ਇਸ ਮੌਕੇ ਡਾ. ਚਰਨਜੀਤ ਕੌਰ ਬਰਾੜ, ਡਾ. ਸੰਤੋਖ ਸੁੱਖੀ, ਡਾ. ਇਕਬਾਲ ਸੋਮੀਆ ਨੇ ਸਵਾਲਾਂ ਦੇ ਰੂਪ ਵਿਚ ਮਹੱਤਵਪੂਰਨ ਨੁਕਤੇ ਚੁੱਕੇ। ਸਮਾਗਮ ਵਿਚ ਪ੍ਰੋ. ਹਰਜਿੰਦਰ ਵਾਲੀਆ, ਬਲਵਿੰਦਰ ਭੱਟੀ, ਸ਼ਾਇਰ ਅਮਰਜੀਤ ਕਸਕ, ਗੁਲਜ਼ਾਰ ਪਟਿਆਲਵੀ, ਜਗਦੀਸ਼ ਪਾਪੜਾ ਤੇ ਦਵਿੰਦਰ ਪੂਨੀਆ ਮੌਜੂਦ ਰਹੇ। ਇਪਟਾ ਦੇ ਪ੍ਰਧਾਨ ਸੰਜੀਵਨ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ।

Advertisement
×