Punjabi literature: ਦੂਨ ਵਾਦੀ ’ਚ ਪੰਜਾਬੀ ਗਾਇਕਾਂ ਨੇ ਸੂਫ਼ੀ ਤੇ ਸੱਭਿਆਚਾਰਕ ਰੰਗ ਬਿਖੇਰੇ
ਭਾਸ਼ਾ ਵਿਭਾਗ ਪੰਜਾਬ ਦੀ ਸੰਗੀਤਕ ਸ਼ਾਮ ਨੂੰ ਯਾਕੂਬ ਤੇ ਰੰਗਲੇ ਸਰਦਾਰਾਂ ਨੇ ਯਾਦਗਾਰੀ ਬਣਾਇਆ
ਭਾਸ਼ਾ ਵਿਭਾਗ, ਪੰਜਾਬ ਵੱਲੋਂ ‘ਪੰਜਾਬੋਂ ਬਾਹਰ’ ਸਾਹਿਤਕ ਤੇ ਸੱਭਿਆਚਾਰਕ ਸਮਾਗਮਾਂ ਦੀ ਲੜੀ ਤਹਿਤ ਦੇਹਰਾਦੂਨ ਦੀ ਭਗਵਾਨ ਸਿੰਘ ਯੂਨੀਵਰਸਿਟੀ ਬਾਲਾਵਾਲਾ ਵਿਖੇ ਸੰਗੀਤਕ ਸ਼ਾਮ ਕਰਵਾਈ ਗਈ।
ਪ੍ਰੋਗਰਾਮ ਦੌਰਾਨ ਉੱਘੇ ਸੂਫ਼ੀ ਗਾਇਕ ਯਾਕੂਬ ਤੇ ਸੱਭਿਆਚਾਰਕ ਗਾਇਕੀ ਦੇ ਮੁੱਦਈ ਰੰਗਲੇ ਸਰਦਾਰਾਂ ਦੀ ਟੀਮ ਨੇ ਸਮਾਗਮ ਨੂੰ ਯਾਦਗਾਰੀ ਬਣਾ ਦਿੱਤਾ। ਸਮਾਗਮ ਦੌਰਾਨ ਉੱਤਰਾਖੰਡ ਦੇ ਸੱਭਿਆਚਾਰਕ ਸਕੱਤਰ ਸ੍ਰੀ ਜੁਗਲ ਕਿਸ਼ੋਰ ਪੰਤ ਮੁੱਖ ਮਹਿਮਾਨ ਵਜੋਂ ਪਹੁੰਚੇ। ਗੌਰਵ ਭਾਰਤੀ ਸਿੱਖਿਆ ਸੰਸਥਾਨ ਦੇ ਗਵਰਨਿੰਗ ਕੌਂਸਲ ਮੈਂਬਰ ਪ੍ਰੋ. ਏ ਐੱਸ ਬਰਾੜ, ਸੰਸਥਾਨ ਦੇ ਚੇਅਰਮੈਨ ਐੱਸ ਪੀ ਸਿੰਘ ਤੇ ਪ੍ਰਧਾਨ ਪ੍ਰੋ. ਗੌਰਵਜੀਤ ਸਿੰਘ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਏ। ਯੂਨੀਵਰਸਿਟੀ ਦੇ ਅਧਿਕਾਰੀਆਂ, ਕਰਮਚਾਰੀਆਂ ਤੇ ਵਿਦਿਆਰਥੀਆਂ ਤੋਂ ਇਲਾਵਾ ਦੇਹਰਾਦੂਨ ਦੇ ਪੰਜਾਬੀ ਭਾਈਚਾਰੇ ਨੇ ਵੀ ਸਮਾਗਮ ’ਚ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ। ਮੇਜ਼ਬਾਨ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜੇ. ਕੁਮਾਰ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ।
ਸੰਗੀਤਕ ਸ਼ਾਮ ਦੀ ਸ਼ੁਰੂਆਤ ਅੰਮ੍ਰਿਤਸਰ ਤੋਂ ਪੁੱਜੇ ਸੂਫ਼ੀ ਗਾਇਕ ਯਾਕੂਬ ਨੇ ਆਪਣੀ ਸੁਰੀਲੀ ਆਵਾਜ਼ ’ਚ ‘ਆਵੋ ਨੀ ਸਈਓ ਮੈਂ ਵਰ ਪਾਇਆ..’, ਨਾਲ ਸਮਾਗਮ ’ਚ ਸ਼ਾਮਲ ਹਰ ਵਰਗ ਦੇ ਸਰੋਤੇ ਨੂੰ ਝੂੰਮਣ ਲਗਾ ਦਿੱਤਾ। ਯਾਕੂਬ ਨੇ ਸਰੋਤਿਆਂ ਦੀ ਫ਼ਰਮਾਇਸ਼ ’ਤੇ ‘ਦਮਾ-ਦਮ ਮਸਤ ਕਲੰਦਰ’ ਗੀਤ ਨਾਲ ਆਪਣੀ ਪੇਸ਼ਕਾਰੀ ਨੂੰ ਵਿਰਾਮ ਦਿੱਤਾ। ਫਿਰ ‘ਰੰਗਲੇ ਸਰਦਾਰ’ ਟੀਮ ਨੇ ਆਜ਼ਮ ਖਾਨ ਦੀ ਅਗਵਾਈ ’ਚ ਮੰਚ ਸੰਭਾਲਿਆ ਤੇ ਟੀਮ ’ਚ ਸ਼ਾਮਲ ਬਾਕੀ ਗਾਇਕਾਂ ਸਬਰ ਸਿੰਘ ਖੋਖਰ, ਜਸਕਰਨ ਗਿੱਲ ਤੇ ਮਨਿੰਦਰ ਬਰਾੜ ਨਾਲ ਮਿਲ ਕੇ ਆਪਣੇ ਚਰਚਿਤ ਗੀਤ ‘ਕੌਣ ਕਿਸੇ ਦਾ ਕਰਦਾ ਏ..’ ਨਾਲ ਮਿਲ ਕੇ ਸ਼ੁਰੂਆਤ ਕੀਤੀ। ਮੰਚ ਸੰਚਾਲਨ ਖੋਜ ਅਫ਼ਸਰ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਕੀਤਾ। ਡਾਇਰੈਕਟਰ ਭਾਸ਼ਾਵਾਂ ਪੰਜਾਬ ਜਸਵੰਤ ਸਿੰਘ ਜ਼ਫ਼ਰ ਨੇ ਮਹਿਮਾਨਾਂ ਦਾ ਵਿਭਾਗੀ ਸ਼ਾਲਾਂ ਤੇ ਪੁਸਤਕਾਂ ਦੇ ਸੈੱਟਾਂ ਨਾਲ ਸਨਮਾਨ ਕੀਤਾ। ਮੇਜ਼ਬਾਨ ਯੂਨੀਵਰਸਿਟੀ ਦੇ ਮੈਨੇਜਰ ਜ਼ੋਰਾਵਰ ਸਿੰਘ ਤੇ ਸਹਾਇਕ ਡਾਇਰੈਕਟਰ ਅਮਰਿੰਦਰ ਸਿੰਘ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਵੱਖ-ਵੱਖ ਜ਼ਿਲਿਆਂ ਦੇ ਭਾਸ਼ਾ ਅਫ਼ਸਰ ਡਾ. ਅਜੀਤਪਾਲ ਸਿੰਘ ਜਟਾਣਾ ਮੋਗਾ, ਮਨਜੀਤ ਪੁਰੀ ਫ਼ਰੀਦਕੋਟ ਤੇ ਡਾ. ਸੰਦੀਪ ਸ਼ਰਮਾ ਲੁਧਿਆਣਾ, ਪ੍ਰਿੰ. ਰਾਜੇਸ਼ ਮੋਹਨ ਫ਼ਰੀਦਕੋਟ, ਸ਼੍ਰੋਮਣੀ ਕਵੀ ਦਰਸ਼ਨ ਬੁੱਟਰ ਤੇ ਬਲਵਿੰਦਰ ਸੰਧੂ, ਖੋਜ ਅਫ਼ਸਰ ਡਾ. ਸੰਤੋਖ ਸਿੰਘ, ਡਾ. ਮਨਜਿੰਦਰ ਸਿੰਘ ਤੇ ਹਰਪ੍ਰੀਤ ਸਿੰਘ, ਲਿਖਾਰੀ ਕੁਮਾਰ ਜਗਦੇਵ ਸਿੰਘ ਬਰਾੜ ਸਮੇਤ ਡੈਲੀਗੇਟਸ ਤੇ ਲੇਖਕ ਹਾਜ਼ਰ ਸਨ।

