Punjab Sports Stadiums: ਚਾਰ ਸਟੇਡੀਅਮ ਪਿੰਡਾਂ ਦੇ ਨੌਜਵਾਨਾਂ ਨੂੰ ਸਮਰਪਿਤ
ਮੁੱਖ ਮੰਤਰੀ ਦੇ ਓ ਐੱਸ ਡੀ ਨੇ ਉਦਘਾਟਨ ਕੀਤੇ
ਮੁੱਖ ਮੰਤਰੀ ਭਗਵੰਤ ਮਾਨ ਦੇ ਓ ਐਸ ਡੀ ਸੁਖਵੀਰ ਸਿੰਘ ਨੇ ਇੱਥੋਂ ਤਿੰਨ ਕਿੱਲੋਮੀਟਰ ਦੂਰ ਪਿੰਡ ਕਾਤਰੋਂ ਵਿੱਚ 12.51 ਲੱਖ ਦੀ ਲਾਗਤ ਨਾਲ ਬਣੇ ਖੇਡ ਸਟੇਡੀਅਮ ਦਾ ਰਸਮੀ ਉਦਘਾਟਨ ਕੀਤਾ ਜਦੋਂ ਇਸੇ ਤਰਜ਼ ’ਤੇ ਪਿੰਡ ਕਿਲਾ ਹਕੀਮਾਂ ਵਿੱਚ 25.87 ਲੱਖ ਦੀ ਲਾਗਤ ਨਾਲ ਤਿਆਰ ਸਟੇਡੀਅਮ ਦੇ ਰਸਮੀ ਆਗਾਜ਼ ਸਬੰਧੀ ਜਾਣਕਾਰੀ ਵੀ ਸਾਂਝੀ ਕੀਤੀ। ਪਿੰਡ ਕਾਤਰੋਂ ਵਿੱਚ ਸੁਖਵੀਰ ਸਿੰਘ ਨੇ ਕਿਹਾ ਕਿ ਇਨ੍ਹਾਂ ਸਟੇਡੀਅਮਾਂ ਨਾਲ ਦੋਵੇਂ ਪਿੰਡਾਂ ਦੇ ਨੌਜਵਾਨਾਂ ਨੂੰ ਆਪਣੇ ਪਿੰਡਾਂ ਵਿੱਚ ਹੀ ਖੇਡ ਅਭਿਆਸ ਲਈ ਵਧੀਆ ਸਹੂਲਤਾਂ ਮਿਲਣਗੀਆਂ। ਉਨ੍ਹਾਂ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਨਵੇਂ ਸਟੇਡੀਅਮਾਂ ਦਾ ਉਦੇਸ਼ ਨੌਜਵਾਨਾਂ ਨੂੰ ਖੇਡਾਂ ਲਈ ਢੁੱਕਵਾਂ ਮਾਹੌਲ ਮੁਹੱਈਆ ਕਰਵਾਉਣਾ ਹੈ। ਇਸੇ ਦੌਰਾਨ ਪਿੰਡ ਭੋਜੋਵਾਲੀ ਵਿੱਚ 31 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਖੇਡ ਸਟੇਡੀਅਮ ਨੂੰ ਓ ਐੱਸ ਡੀ ਸੁਖਵੀਰ ਸਿੰਘ ਨੇ ਉਦਘਾਟਨ ਕਰ ਕੇ ਪਿੰਡ ਵਾਸੀਆਂ ਅਤੇ ਨੌਜਵਾਨਾਂ ਨੂੰ ਸਮਰਪਿਤ ਕੀਤਾ। ਉਨ੍ਹਾਂ ਕਿਹਾ ਕਿ ਪਿੰਡ ਧੂਰੀ ਵਿੱਚ 27 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਖੇਡ ਸਟੇਡੀਅਮ ਵਿੱਚ ਚਾਰਦੀਵਾਰੀ, ਜਾਲੀ, ਵਾਕਿੰਗ ਟਰੈਕ ਅਤੇ ਰਾਤ ਸਮੇਂ ਖੇਡ ਗਤੀਵਿਧੀਆਂ ਲਈ ਲਾਈਟਾਂ ਸਣੇ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ।
ਇਸ ਮੌਕੇ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਰਛਪਾਲ ਸਿੰਘ ਭੁੱਲਰ, ਡਾਇਰੈਕਟਰ ਪੰਜਾਬ ਲਘੂ ਉਦਯੋਗ ਅਨਿਲ ਮਿੱਤਲ, ਜ਼ਿਲ੍ਹਾ ਪਰਿਸ਼ਦ ਮੈਂਬਰ ਹਰਜਿੰਦਰ ਸਿੰਘ ਕਾਂਝਲਾ, ਬਲਾਕ ਸਮਿਤੀ ਸ਼ੇਰਪੁਰ ਦੇ ਚੇਅਰਮੈਨ ਚਰਨ ਸਿੰਘ, ਸਰਪੰਚ ਅੰਮ੍ਰਿਤਪਾਲ ਸਿੰਘ ਘਨੌਰੀ, ਟਰੱਕ ਯੂਨੀਅਨ ਦੇ ਪ੍ਰਧਾਨ ਗਗਨ ਜਵੰਧਾ ਭਸੌੜ, ਗੁਰਵਿੰਦਰ ਸਿੰਘ ਕਾਤਰੋਂ ਹਾਜ਼ਰ ਸਨ।

